
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਇਸ ਦੇ ਪ੍ਰਧਾਨ...
ਚੰਡੀਗੜ੍ਹ (ਸਸਸ) : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਝੂਠ ਬੋਲਣ ਦੇ ਆਦੀ ਹੋ ਚੁੱਕੇ ਹਨ ਅਤੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਵੀ ਮੁਨਕਰ ਹੋ ਚੁੱਕੇ ਹਨ ਜਿਵੇਂ ਕਿ ਉਨ੍ਹਾਂ ਨੇ ਦਰਬਾਰ ਸਾਹਿਬ ਵਿਚ ਕਿਹਾ ਸੀ ਕਿ ਉਹ ਪਾਰਟੀ ਦੇ ਕਹਿਣ ‘ਤੇ ਅਸਤੀਫ਼ਾ ਦੇ ਦੇਣਗੇ।
ਸ. ਸਿੱਧੂ ਨੇ ਸਵਾਲ ਕੀਤਾ ਕਿ ਕੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਂਡਸਾ ਅਤੇ ਸੇਵਾ ਸਿੰਘ ਸੇਖਵਾਂ (ਸਾਰੇ ਸੀਨੀਅਰ ਕੋਰ ਕਮੇਟੀ ਮੈਂਬਰ) ਅਤੇ ਬੀਬੀ ਕਿਰਨਜੋਤ ਕੌਰ (ਮਾਸਟਰ ਤਾਰਾ ਸਿੰਘ ਦੀ ਦੋਹਤਰੀ) ਅਕਾਲੀ ਦਲ ਦਾ ਹਿੱਸਾ ਨਹੀਂ ਹਨ ਅਤੇ ਇਨ੍ਹਾਂ ਦੇ ਅਸਤੀਫ਼ੇ ਵੀ ਅਜੇ ਮਨਜ਼ੂਰ ਨਹੀਂ ਕੀਤੇ ਗਏ। ਕੀ ਸੁਖਬੀਰ ਸਿੰਘ ਬਾਦਲ ਸਿਰਫ਼ ਅਪਣੇ ਪਰਿਵਾਰ ਨੂੰ ਹੀ ਸਮੁੱਚੀ ਪਾਰਟੀ ਸਮਝਦੇ ਹਨ।
ਸ. ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਰਗਿਟ ਵਾਂਗ ਰੰਗ ਬਦਲ ਰਹੇ ਹਨ। ਹੋਰ ਦੱਸਦੇ ਹੋਏ ਸ. ਸਿੱਧੂ ਨੇ ਕਿਹਾ ਕਿ ਇਨ੍ਹਾਂ ਟਕਸਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਅਵਾਜ਼ ਬੁਲੰਦ ਕੀਤੀ ਹੈ ਜਿਸ ਨਾਲ ਕਿ ਬਾਦਲ ਪਰਿਵਾਰ ਨੂੰ ਕੰਧ ‘ਤੇ ਲਿਖਿਆ ਸਾਫ਼ ਪੜ੍ਹ ਲੈਣਾ ਚਾਹੀਦਾ ਹੈ। ਬਾਦਲ ਪਰਿਵਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਸ. ਸਿੱਧੂ ਨੇ ਕਿਹਾ ਕਿ ਇਸ ਪਰਿਵਾਰ ਨੇ ਸ਼ਤਾਬਦੀ ਪੁਰਾਣੀ ਪਾਰਟੀ ਨੂੰ ਪਾ੍ਰਈਵੇਟ ਲਿਮਟਿਡ ਕੰਪਨੀ ਬਣਾ ਕੇ ਰੱਖ ਦਿਤਾ ਹੈ
ਅਤੇ ਪ੍ਰਕਾਸ਼ ਸਿੰਘ ਬਾਦਲ ਅਪਣੇ ਪੁੱਤਰ ਦੇ ਮੋਹ ਵੱਸ ਪੈ ਕੇ ਧ੍ਰਿਤਰਾਸ਼ਟਰ ਵਾਂਗ ਵਿਵਹਾਰ ਕਰਨ ਲੱਗ ਪਏ ਹਨ। ਬਾਦਲ ਪਰਿਵਾਰ ਨੇ ਸੱਤਾ ਵਿੱਚ ਹੁੰਦਿਆਂ ਅਪਣੇ ਹੋਟਲ ਉਸਾਰੇ ਅਤੇ ਪੰਜਾਬ ਦੀ ਲੁੱਟ-ਖਸੁੱਟ ਕੀਤੀ। ਸ. ਸਿੱਧੂ ਨੇ ਅਗਾਂਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ ਕਿਉਂ ਕਿ ਸਾਰੀ ਸੱਤਾ ਸਿਰਫ਼ ਬਾਦਲ ਪਰਿਵਾਰ ਤੱਕ ਹੀ ਸਿਮਟ ਕੇ ਰਹਿ ਗਈ ਹੈ।
ਉਨ੍ਹਾਂ ਸਵਾਲ ਕੀਤਾ ਕਿ ਤਜੁਰਬੇਕਾਰ ਆਗੂਆਂ ਦੇ ਹੁੰਦਿਆਂ ਹੋਇਆਂ 2014 ਵਿਚ ਹਰਸਿਮਰਤ ਬਾਦਲ ਨੂੰ ਹੀ ਕਿਉਂ ਕੇਂਦਰੀ ਮੰਤਰੀ ਮੰਡਲ ਵਿਚ ਸਥਾਨ ਦੇਣ ਨੂੰ ਤਰਜੀਹ ਦਿਤੀ ਗਈ। ਸ. ਸਿੱਧੂ ਨੇ ਅੱਗੇ ਕਿਹਾ ਕਿ ਅਸਲ ਵਿਚ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਵਾਂਗਡੋਰ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਹੱਥ ਹੈ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਮਹਿਮਾਨ ਭੂਮਿਕਾ ਨਿਭਾ ਰਹੇ ਹਨ।
ਸਫੈਦ ਝੂਠ ਬੋਲਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦੇ ਹੋਏ ਸ. ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਹੇਠਲੇ ਦਰਜੇ ਦੀ ਸਿਆਸਤ ਕਰਨ ‘ਤੇ ਉੱਤਰ ਆਇਆ ਹੈ। ਉਨ੍ਹਾਂ ਕਿਹਾ ਕਿ 93ਵਰ੍ਹਿਆਂ ਦੀ ਉਮਰ ਵਿਚ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਰਾਜਪਾਲ ਕੋਲ ਜਾ ਕੇ ਮੈਨੂੰ (ਨਵਜੋਤ ਸਿੰਘ ਸਿੱਧੂ) ਖਿਲਾਫ਼ ਕਾਰਵਾਈ ਦੀ ਗੁਹਾਰ ਲਗਾਉਂਦੇ ਹਨ ਪਰ ਮਾਣਯੋਗ ਅਦਾਲਤ ਨੇ ਉਨ੍ਹਾਂ (ਸ. ਨਵਜੋਤ ਸਿੰਘ ਸਿੱਧੂ) ਖਿਲਾਫ਼ ਕਾਰਵਾਈ ਦੀ ਅਰਜ਼ੀ ਰੱਦ ਕਰਕੇ ਬਾਦਲਾਂ ਨੂੰ ਸ਼ੀਸ਼ਾ ਦਿਖਾ ਦਿਤਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਕਿਉਂ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਇਕ ਵਾਰ ਵੀ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਜਖ਼ਮੀਆਂ ਦਾ ਹਾਲ-ਚਾਲ ਪੁੱਛਣ ਨਹੀਂ ਗਏ ਪਰ ਉਨ੍ਹਾਂ (ਨਵਜੋਤ ਸਿੰਘ ਸਿੱਧੂ) ‘ਤੇ ਸਵਾਲ ਚੁੱਕ ਰਹੇ ਹਨ ਜਦੋਂ ਕਿ ਉਹ ਤਾਂ ਹਾਦਸੇ ਵੇਲੇ ਕੇਰਲਾ ਵਿਚ ਸਨ। ਸ. ਸਿੱਧੂ ਨੇ ਸਾਫ਼ ਕੀਤਾ ਕਿ ਬਾਦਲ ਪਰਿਵਾਰ ਬਰਗਾੜੀ ਘਟਨਾ ਵਿਚ ਅਪਣੀ ਸ਼ਮੂਲੀਅਤ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦਾ ਹੈ ਪਰ ਲੋਕ ਇਸ ਪਰਿਵਾਰ ਦੀਆਂ ਲੂੰਬੜ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਗੇ।
ਲੋਕਾਂ ਦੀ ਸੇਵਾ ਪ੍ਰਤੀ ਅਪਣੀ ਪ੍ਰਤੀਬੱਧਤਾ ਮੁੜ ਦੁਹਰਾਉਂਦੇ ਹੋਏ ਸ. ਸਿੱਧੂ ਨੇ ਕਿਹਾ ਕਿ ਉਹ ਹਰ ਦੁੱਖ-ਸੁੱਖ ਵਿਚ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।