
ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਸੁਖਪਾਲ ਖਹਿਰਾ ਸ਼ੁੱਕਰਵਾਰ ਨੂੰ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ...
ਅੰਮ੍ਰਿਤਸਰ : ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਸੁਖਪਾਲ ਖਹਿਰਾ ਸ਼ੁੱਕਰਵਾਰ ਨੂੰ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਪਹੁੰਚੇ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਦਿਨੋਂ-ਦਿਨ ਵਿਗੜਦੇ ਹਾਲਾਤਾਂ ਦਾ ਕਾਰਨ ਲਾਲਚੀ ਲੋਕ ਅਤੇ ਸਿਆਸੀ ਪਾਰਟੀਆਂ ਹਨ ਜੋ ਅਪਣੇ ਫ਼ਾਇਦੇ ਲਈ ਇਹ ਸਭ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਹੀ ਉਨ੍ਹਾਂ ਲੋਕਾਂ ਨਾਲ ਮਿਲ ਕੇ ‘ਪੰਜਾਬ ਏਕਤਾ ਪਾਰਟੀ’ ਦਾ ਗਠਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਜ਼ੋਰਾ ਸਿੰਘ ਕਮਿਸ਼ਨ ਨੂੰ ਫਰਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਬੇਅਦਬੀ ਮਾਮਲਿਆਂ ਉਤੇ ਹੁਣ ਹੀ ਜ਼ੋਰਾ ਸਿੰਘ ਖ਼ੁਲਾਸਾ ਕਿਉਂ ਕਰ ਰਹੇ ਹਨ। ਜਿਸ ਸਮੇਂ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਸਨ, ਉਸ ਸਮੇਂ ਚੁੱਪ ਕਿਉਂ ਰਹੇ। ਖਹਿਰਾ ਨੇ ਕਿਹਾ ਕਿ ਜ਼ੋਰਾ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਾਈ ਜਾ ਰਹੀ ਹੈ, ਜਿਸ ਕਰਕੇ ਉਹ ਹੁਣ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।