
ਬਟਾਲਾ ਦੇ ਨੇੜੇ ਇਕ ਸੇਵਾ ਮੁਕਤ ਬੀਐਸਐਫ ਜਵਾਨ ਦੀ ਦੋ ਦਿਨ ਪਹਿਲਾਂ ਲਾਸ਼ ਮਿਲੀ ਸੀ।
ਪੰਜਾਬ: ਬਟਾਲਾ ਦੇ ਨੇੜੇ ਇਕ ਸੇਵਾ ਮੁਕਤ ਬੀਐਸਐਫ ਜਵਾਨ ਦੀ ਦੋ ਦਿਨ ਪਹਿਲਾਂ ਲਾਸ਼ ਮਿਲੀ ਸੀ। ਅੱਜ ਪੁਲਿਸ ਵੱਲੋਂ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਸੇਵਾ ਮੁਕਤ ਬੀਐਸਐਫ ਜਵਾਨ ਗੁਰਨਾਮ ਸਿੰਘ ਦਾ ਕਤਲ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਕਾਤਿਲ ਕੋਈ ਹੋਰ ਨਹੀਂ ਬਲਕਿ ਉਸ ਜਵਾਨ ਦੀ ਪਤਨੀ, ਲੜਕਾ ਅਤੇ ਉਸਦੇ ਰਿਸ਼ਤੇਦਾਰ ਹੀ ਹਨ। ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ 3 ਔਰਤਾਂ ਸਮੇਤ 8 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
Gurnam Singh
ਪੁਲਿਸ ਦੀ ਹਿਰਾਸਤ ਵਿਚ ਮ੍ਰਿਤਕ ਦੇ ਲੜਕੇ ਨੇ ਆਪਣਾ ਗੁਨਾਹ ਕਬੂਲਦਿਆਂ ਕਿਹਾ ਹੈ ਕਿ ਉਸਨੇ ਆਪਣੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਸੀ। ਦੱਸ ਦਈਏ ਕਿ ਦੋ ਦਿਨ ਪਹਿਲਾਂ ਜ਼ਿਲ੍ਹਾ ਬਟਾਲਾ ਦੀ ਪੁਲਿਸ ਨੂੰ ਇਲਾਕੇ ਦੇ ਖੇਤ ਵਿਚ ਇਕ ਲਾਸ਼ ਮਿਲੀ ਸੀ, ਜਾਂਚ ਕਰਨ ‘ਤੇ ਉਸ ਲਾਸ਼ ਦੀ ਪਛਾਣ ਬੀਐਸਐਫ ਤੋਂ ਸੇਵਾ ਮੁਕਤ ਗੁਰਨਾਮ ਸਿੰਘ ਦੇ ਤੌਰ ‘ਤੇ ਹੋਈ ਸੀ। ਲਾਸ਼ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਂਚ ਤੋਂ ਬਾਅਦ ਮਾਮਲਾ ਕੁਝ ਹੋਰ ਹੀ ਸਾਹਮਣੇ ਆਇਆ।
Son of Gurnam Singh
ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਡੀਐਸਪੀ ਬੀਕੇ ਸਿੰਗਲਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਅਕਸਰ ਗੁਰਮੀਤ ਸਿੰਘ ਦੇ ਘਰ ਝਗੜਾ ਚਲਦਾ ਰਹਿੰਦਾ ਸੀ। ਪੁਲਿਸ ਮੁਤਾਬਕ ਗੁਰਨਾਮ ਸਿੰਘ ਦੇ ਪੁੱਤਰ ਪ੍ਰਕਾਸ਼ ਸਿੰਘ ਦੇ ਆਪਣੀ ਮਾਮੀ ਨਾਲ ਹੀ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਗੁਰਨਾਮ ਸਿੰਘ ਦਾ ਆਪਣੀ ਪਤਨੀ ਅਤੇ ਪੁੱਤਰ ਨਾਲ ਝਗੜਾ ਰਹਿੰਦਾ ਸੀ।
ਇਸੇ ਝਗੜੇ ਦੇ ਚਲਦਿਆਂ ਮਾਂ ਪੁੱਤਰ ਨੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਗੁਰਨਾਮ ਸਿੰਘ ‘ਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ। ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਕਰਨ ਤੋਂ ਬਾਅਦ 3 ਔਰਤਾਂ ਸਮੇਤ 8 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।