
ਨਸ਼ਾ ਵਿਕਾਉਣ ਬਦਲੇ ਮੰਗੇ ਸੀ 50 ਹਜ਼ਾਰ ਰੁਪਏ, ਕਈ ਮੁਲਾਜ਼ਮਾਂ ਵਿਰੁਧ ਵੀ ਜਾਂਚ ਸ਼ੁਰੂ
ਲੁਧਿਆਣਾ: ਕਸਬਾ ਜਗਰਾਉਂ ਵਿਚ ਦਿਹਾਤੀ ਪੁਲਿਸ ਦੇ ਨਾਰਕੋਟਿਕਸ ਵਿੰਗ ਵਿਚ ਤਾਇਨਾਤ ਇਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਰਿਸ਼ਵਤ ਮੰਗਣ ਦੀ ਇਕ ਆਡੀਉ ਵਾਇਰਲ ਹੋਈ ਸੀ, ਜਿਸ ਦੇ ਆਧਾਰ 'ਤੇ ਉਸ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਏ.ਐਸ.ਆਈ. ਤੋਂ ਇਲਾਵਾ ਹੁਣ ਉਸ ਦੇ ਨਾਲ ਬਾਕੀ ਪੁਲਿਸ ਮੁਲਾਜ਼ਮ ਵੀ ਸੀਨੀਅਰ ਅਧਿਕਾਰੀਆਂ ਦੇ ਰਡਾਰ ’ਤੇ ਆ ਗਏ ਹਨ। ਰਿਕਾਰਡਿੰਗ ਵਿਚ ਏ.ਐਸ.ਆਈ. ਔਰਤ ਨੂੰ ਕਹਿ ਰਿਹਾ ਹੈ ਕਿ ਜੇਕਰ ਉਹ ਉਸ ਨੂੰ 50,000 ਰੁਪਏ ਰਿਸ਼ਵਤ ਵਜੋਂ ਦੇਵੇ ਤਾਂ ਕੋਈ ਵੀ ਉਸ ਨੂੰ ਜਾਂ ਉਸ ਦੇ ਪਤੀ ਨੂੰ ਗ੍ਰਿਫਤਾਰ ਨਹੀਂ ਕਰੇਗਾ ਅਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਇਲਾਕੇ ਵਿਚ ਨਸ਼ਾ ਵੇਚ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ਹਾਈ ਕੋਰਟ ਦੇ 4 ਜੱਜਾਂ ਸਣੇ ਕੁੱਲ 9 ਜੱਜਾਂ ਦੇ ਤਬਾਦਲੇ
ਆਡੀਉ ਵਾਇਰਲ ਹੋਣ ਤੋਂ ਇਕ ਦਿਨ ਪਹਿਲਾਂ ਮੁਲਜ਼ਮ ਪਹਾੜਾ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਥਾਣੇ ਵਿਚ ਤਬਦੀਲ ਕਰ ਦਿਤਾ ਗਿਆ ਸੀ ਕਿਉਂਕਿ ਔਰਤ ਵਲੋਂ ਉਸ ਵਿਰੁਧ ਧਮਕੀਆਂ ਦੇਣ ਅਤੇ ਰਿਸ਼ਵਤ ਮੰਗਣ ਦੇ ਦੋਸ਼ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਏ.ਐਸ.ਆਈ. ਵਿਰੁਧ ਪਹਿਲਾਂ ਹੀ ਐਨ.ਡੀ.ਪੀ.ਐਸ. ਮੋਗਾ ਅਤੇ ਬਾਘਾਪੁਰਾਣਾ ਵਿਚ ਇਕ ਵਿਅਕਤੀ ਨੂੰ ਝੂਠਾ ਫਸਾਉਣ ਦੇ ਦੋਸ਼ ਵਿਚ 2 ਅਪਰਾਧਿਕ ਕੇਸ ਦਰਜ ਹਨ।
ਇਹ ਵੀ ਪੜ੍ਹੋ: ਜਲੰਧਰ ਦੇ 2 ਭਰਾਵਾਂ ਦਾ ਹਿਮਾਚਲ 'ਚ ਕਤਲ; ਨਾਲਾਗੜ੍ਹ 'ਚ ਸ਼ਰੇਆਮ ਚਾਕੂ ਨਾਲ ਕੀਤੇ ਵਾਰ
ਔਰਤ ਇੰਦਰਜੀਤ ਨੇ ਦੋਸ਼ ਲਾਇਆ ਕਿ ਏ.ਐਸ.ਆਈ. ਨੇ ਉਸ ਨੂੰ ਧਮਕੀ ਦਿਤੀ ਸੀ ਕਿ ਜੇਕਰ ਉਸ ਨੇ ਉਸ ਨੂੰ 50,000 ਰੁਪਏ ਨਾ ਦਿਤੇ ਤਾਂ ਉਹ ਉਸ ਨੂੰ 1000 ਤੋਂ ਵੱਧ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਦੇ ਕੇਸ ਵਿਚ ਫਸਾ ਦੇਵੇਗਾ। ਉਹ ਪਹਿਲਾਂ ਹੀ ਉਸ ਤੋਂ 15 ਹਜ਼ਾਰ ਰੁਪਏ ਲੈ ਚੁੱਕਿਆ ਸੀ ਅਤੇ 35 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਆਈ.ਜੀ. ਕੌਸਤੁਭ ਸ਼ਰਮਾ ਨੇ ਦਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਬੁਧਵਾਰ ਨੂੰ ਏ.ਐਸ.ਆਈ. ਦਾ ਤਬਾਦਲਾ ਸ਼ਹੀਦ ਭਗਤ ਸਿੰਘ ਨਗਰ ਕਰ ਦਿਤਾ।
ਇਹ ਵੀ ਪੜ੍ਹੋ: ਕਾਰ ਅਤੇ ਮੋਟਰਸਾਈਕਲ ਦੀ ਟੱਕਰ: ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ
ਜਾਂਚ ਤੋਂ ਬਾਅਦ ਉਸ ਦੇ ਵਿਰੁਧ ਥਾਣਾ ਸਿਟੀ ਜਗਰਾਉਂ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਅਜੇ ਤਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਮੁਲਜ਼ਮ ਏ.ਐਸ.ਆਈ. ਨੇ ਦੋਸ਼ਾਂ ਤੋਂ ਇਨਕਾਰ ਕਰ ਦਿਤਾ। ਉਸ ਨੇ ਕਿਹਾ ਕਿ ਔਰਤ ਅਤੇ ਉਸ ਦਾ ਪਤੀ ਨਸ਼ੇ ਦੀ ਤਸਕਰੀ ਵਿਚ ਸ਼ਾਮਲ ਹਨ। ਉਨ੍ਹਾਂ ਨੇ ਪੁਲਿਸ 'ਤੇ ਦਬਾਅ ਬਣਾਉਣ ਲਈ ਇਹ ਦੋਸ਼ ਲਗਾਇਆ ਹੈ। ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ।