
ਸਾਨੂੰ ਕਹਿੰਦੇ ਜੇ ਨਾ ਪਸੰਦ ਹੋਣਗੇ ਤਾਂ ਬਦਲ ਦਿਆਂਗੇ,
ਸਾਨੂੰ ਤਾਂ ਨਾ ਕਾਲੇ ਕਾਨੂੰਨ ਪਸੰਦ ਨੇ ਤੇ ਨਾ ਹੀ ਪ੍ਰਧਾਨ ਮੰਤਰੀ, ਬਦਲ ਦੇਵੋਗੇ ? : ਉਗਰਾਹਾਂ
ਜਗਰਾਉਂ (ਲੁਧਿਆਣਾ), 11 ਫ਼ਰਵਰੀ (ਪ੍ਰਮੋਦ ਕੌਸ਼ਲ, ਪਰਮਜੀਤ ਸਿੰਘ ਗਰੇਵਾਲ) : ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਜਗਰਾਉਂ ਦੀ ਮਹਾਂਪੰਚਾਇਤ 'ਚ ਉਚੇਚੇ ਤੌਰ 'ਤੇ ਪਹੁੰਚੇ ਜਿਥੇ ਉਨਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਤੁੰਨ ਕੇ ਰੱਖ ਦਿਤਾ | ਪੰਜਾਬ ਪਹਿਲਾਂ ਤੋਂ ਨਾਲ ਹੈ ਤੇ ਫਿਰ ਪੰਜਾਬ 'ਚ ਮਹਾਂਪੰਚਾਇਤ ਦੀ ਲੋੜ ਕਿਉਂ ਮਹਿਸੂਸ ਹੋਈ, ਦੇ ਸਵਾਲ 'ਤੇ ਬੋਲਦਿਆਂ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਪੀੜਾਂ ਦੇ ਮਾਰੇ ਹੋਏ ਹਨ ਕਿਉਂਕਿ ਨਾ ਇਨ੍ਹਾਂ ਕੋਲ ਰੁਜ਼ਗਾਰ ਹੈ, ਨਾ ਵਾਤਾਵਰਣ ਠੀਕ ਹੈ, ਨਾ ਬੱਚਿਆਂ ਲਈ ਕੰਮ ਹੈ, ਨਾ ਜ਼ਮੀਨਾਂ ਨੇ, ਨਾ ਕਰਜ਼ਿਆਂ ਦਾ ਕੋਈ ਹੱਲ ਕੀਤਾ, ਨਾ ਕੋਈ ਬੇਰੋਜ਼ਗਾਰੀ ਭੱਤਾ ਹੈ |
ਅਜਿਹਾ ਕੋਈ ਕਾਨੂੰਨ ਤਾਂ ਸਰਕਾਰ ਬਣਾਉਂਦੀ ਨਹੀਂ ਜਿਹੜਾ ਇਨ੍ਹਾਂ ਦੇ ਹੱਕ 'ਚ ਹੋਵੇ, ਕਾਨੂੰਨ ਸਿਰਫ਼ ਉਹ ਬਣਾਏ ਜਾ ਰਹੇ ਹਨ ਕਿ ਇਨ੍ਹਾਂ ਦੀ ਜੇਬਾਂ ਵਿਚੋਂ ਕੱਢ ਕੇ ਕਾਰਪੋਰੇਟ ਘਰਾਣਿਆਂ ਨੂੰ ਦਿਤਾ ਜਾ ਸਕੇ, ਜਦੋਂ ਇਹ ਪਾਲਿਸੀ ਸਮਝ ਗਏ ਤਾਂ ਉੱਠ ਖੜੇ ਹੋਏ | ਉਨ੍ਹਾਂ ਕਿਹਾ ਕਿ ਨੌਦੀਪ ਕੌਰ ਵਾਲੇ ਮਸਲੇ 'ਤੇ ਸਾਰੀਆਂ ਜਥੇਬੰਦੀਆਂ ਨੇ ਫ਼ੈਸਲਾ ਲਿਆ ਅਤੇ ਅਸੀਂ ਪਹਿਲਾਂ ਤੋਂ ਬੇਟੀ ਦੇ ਹੱਕ 'ਚ ਹਾਂ ਪਰ ਜਥੇਬੰਦਕ ਤੌਰ 'ਤੇ ਇਸ ਬਾਬਤ ਫ਼ੈਸਲਾ ਲੈਣ 'ਚ ਲੇਟ ਜ਼ਰੂਰ ਹੋਏ ਹਾਂ | ਜਿਹੜੇ ਬਾਕੀ ਨੌਜਵਾਨ ਵੀ ਗਿ੍ਫ਼ਤਾਰ ਕੀਤੇ ਗਏ ਹਨ ਉਨ੍ਹਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚਾਹੇ ਉਹ ਲੱਖਾ ਸਿਧਾਣਾ ਹੈ ਤੇ ਚਾਹੇ ਕੋਈ ਹੋਰ, ਉਹ ਬੱਚੇ ਪੰਜਾਬ ਦੇ ਨੇ, ਸਾਡੇ ਨੇ, ਕਿਸੇ ਨਾ ਕਿਸੇ ਦੇ ਤਾਂ ਉਹ ਬੱਚੇ ਹਨ ਅਤੇ ਉਨਾਂ ਖ਼ਾਤਰ ਉਹ ਪੈਰਵੀ ਵੀ ਕਰਨਗੇ, ਖ਼ਰਚਾ ਵੀ ਲਾਉਣਗੇ ਤੇ ਪਰਵਾਰਾਂ ਨੂੰ ਵੀ ਮਿਲਣਗੇ | ਉਗਰਾਹਾਂ ਨੇ ਕਿਹਾ ਕਿ ਚਲਦੇ ਅੰਦੋਲਨ 'ਚ ਕਿਸੇ ਵੇਲੇ ਕੋਈ ਘਟਨਾ ਵਾਪਰ ਜਾਂਦੀ ਹੈ, ਉਸ ਨੂੰ ਛਡਣਾ ਨਹੀਂ ਸਗੋਂ ਉਸ ਤੋਂ ਸਿੱਖਣਾ ਹੁੰਦਾ ਹੈ | ਕੁੱਝ ਅਸੀਂ ਸਿਖਿਆ ਤੇ ਕੁੱਝ ਨੌਜਵਾਨ ਵੀ ਸਿਖਣਗੇ |
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅੰਦਰੋ ਡਰੇ ਹੋਏ ਹਨ, ਕਿਉਂਕਿ ਅੱਜ ਤਕ ਕਿਸੇ ਵੀ ਕਾਨੂੰਨ ਤੋਂ ਬਾਅਦ ਪ੍ਰਧਾਨ ਮੰਤਰੀ ਕਦੇ ਬੋਲਿਆ ਨਹੀਂ ਸੀ, ਜੋ ਕਹਿ ਦਿਤਾ ਸੋ ਕਹਿ ਦਿਤਾ, 56 ਇੰਚ ਦੀ ਛਾਤੀ ਵਾਲਾ ਕਹਿ ਦਿਤਾ ਸੀ ਤੇ ਕਹਿ ਹੀ ਦਿਤਾ ਸੀ ਫਿਰ ਹੁਣ ਕਿਥੇ ਗਿਆ 56 ਇੰਚ ਦੀ ਛਾਤੀ ਵਾਲਾ? ਏਦਾਂ ਨਹੀਂ ਉਹ ਘਬਰਾਏ ਨਹੀਂ, ਪੁੱਛ ਕੇ ਦੇਖੋ ਰੋਟੀ ਨਹੀਂ ਲੰਘਦੀ ਉਨ੍ਹਾਂ ਦੇ, ਤਾਂ ਹੀ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਇਕ ਫ਼ੋਨ ਕਾਲ ਦੀ ਦੂਰੀ ਤੇ ਹਾਂ ਕਿਸਾਨਾਂ ਤੋਂ, ਕਦੇ ਕਿਹਾ ਸੀ ਇਸ ਤਰ੍ਹਾਂ ਇਹ ਸਿਰਫ਼ ਇਸ ਕਰ ਕੇ ਹੋਇਆ ਕਿਉਂਕਿ ਲੋਕਾਂ ਦਾ ਮੁੱਦਾ ਸਹੀ ਹੈ, ਲੋਕਾਂ ਦਾ ਲੜਨ ਦਾ ਢੰਗ ਸਹੀ ਹੈ ਤਾਂ ਹੀ ਸਰਕਾਰ ਦਬਾਅ ਵਿਚ ਹੈ | ਇਕ ਸਵਾਲ, ਕਿ ਸਰਕਾਰ ਕਹਿ ਰਹੀ ਹੈ ਕਿ ਜਿਸ ਨੂੰ ਤਬਦੀਲੀ ਨਹੀਂ ਪਸੰਦ ਉਹ ਨਾ ਲਵੇ ਦੇ ਜਵਾਬ ਵਿਚ ਉਗਰਾਹਾਂ ਨੇ ਕਿਹਾ ਕਿ ਫਿਰ ਸਾਨੂੰ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਪਸੰਦ ਤੇ ਖੇਤੀ ਦੇ ਤਿੰਨੇਂ ਕਾਨੂੰਨ ਵੀ imageਨਹੀਂ ਪਸੰਦ ਫਿਰ ਬਦਲ ਦਿਉ | ਕਿਸਾਨਾਂ ਦੇ ਫ਼ਾਇਦੇ ਲਈ ਜੇ ਕਾਨੂੰਨ ਬਣਾਏ ਨੇ ਤਾਂ ਸਾਨੂੰ ਫ਼ਾਇਦਾ ਨਹੀਂ ਚਾਹੀਦਾ, ਉਹ ਅਪਣੇ ਕਾਨੂੰਨ ਵਾਪਸ ਲੈ ਲੈਣ ਬੱਸ ਕੋਈ ਵੱਡੀ ਮੰਗ ਨਹੀਂ ਕਿਸਾਨਾਂ ਦੀ |