
ਕਰਜ਼ੇ ਦਾ ਅਸਹਿ ਬੋਝ ਅਤੇ ਬੇਹੱਦ ਮਾੜੀ ਵਿੱਤੀ ਸਥਿਤੀ ਕਾਰਨ ਖੁਦਕੁਸ਼ੀਆਂ ਕਰ ਰਹੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਬਾਰੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਾਰੀ
ਚੰਡੀਗੜ੍ਹ : ਕਰਜ਼ੇ ਦਾ ਅਸਹਿ ਬੋਝ ਅਤੇ ਬੇਹੱਦ ਮਾੜੀ ਵਿੱਤੀ ਸਥਿਤੀ ਕਾਰਨ ਖੁਦਕੁਸ਼ੀਆਂ ਕਰ ਰਹੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਬਾਰੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਾਰੀ ਅੰਕੜਾ ਰਿਪੋਰਟ 'ਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਤਰਾਸ਼ਦੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਡਾ ਗੁਨਾਹਗਾਰ ਕਿਹਾ ਹੈ।
'ਆਪ' ਨੇ ਕੈਪਟਨ ਸਰਕਾਰ ਤੋਂ ਕਿਸਾਨ ਸੰਗਠਨ ਵੱਲੋਂ ਜਾਰੀ ਅੰਕੜਿਆਂ ਸੰਬੰਧੀ ਸਪਸ਼ਟੀਕਰਨ ਮੰਗਿਆ ਹੈ। ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦਲਬੀਰ ਸਿੰਘ ਢਿੱਲੋਂ, ਡਾ. ਰਵਜੋਤ ਸਿੰਘ ਅਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਜਾਰੀ ਖੁਦਕੁਸ਼ੀਆਂ ਲਈ ਕੇਂਦਰ ਦੀ ਨਰਿੰਦਰ ਮੋਦੀ ਅਤੇ ਸੂਬੇ ਦੀ ਪਹਿਲਾ ਬਾਦਲ ਅਤੇ ਹੁਣ ਕੈਪਟਨ ਸਰਕਾਰ ਦੀਆਂ ਮਾਰੂ ਖੇਤੀ ਨੀਤੀਆਂ ਅਤੇ ਬੇਰੁਖ਼ੀ ਵਾਲੀ ਪਹੁੰਚ ਮੁੱਖ ਕਾਰਨ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਸਾਢੇ 700 ਤੋਂ ਵੱਧ ਕਿਸਾਨ ਅਤੇ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਦਾ ਅੰਕੜਾ ਸੁੰਨ ਕਰਨ ਵਾਲਾ ਹੈ, ਜਿਸ 'ਚ ਇਕੱਲੇ ਅਗਸਤ ਮਹੀਨੇ ਦੀ ਗਿਣਤੀ 48 ਹੈ। 'ਆਪ' ਆਗੂਆਂ ਨੇ ਕਿਹਾ ਕਿ ਕਿਸਾਨ ਯੂਨੀਅਨ ਦੀ ਤਾਜ਼ਾ ਰਿਪੋਰਟ ਰੋਜ਼ਾਨਾ ਅਖ਼ਬਾਰਾਂ 'ਚ ਛਪਦੀਆਂ ਖ਼ਬਰਾਂ ਅਤੇ ਜ਼ਮੀਨੀ ਪੱਧਰ ਦੀ ਤਲਖ਼ ਹਕੀਕਤ ਮੁਤਾਬਿਕ ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ,
ਮੂਕਦਰਸ਼ਕ ਬਣ ਕੇ ਅੰਨ ਦਾਤਿਆਂ ਦੀ ਮੌਤ ਦਾ ਤਮਾਸ਼ਾ ਦੇਖ ਰਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਹਨਾਂ ਆਤਮ ਹੱਤਿਆਵਾਂ 'ਤੇ ਚੁੱਪੀ ਤੋੜਨੀ ਚਾਹੀਦੀ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੋਰ ਤੇਜ਼ ਹੋਏ ਖੁਦਕੁਸ਼ੀਆਂ ਦੇ ਮਾੜੇ ਰੁਝਾਨ ਨੇ ਕੈਪਟਨ ਸਰਕਾਰ ਵੱਲੋਂ ਲੱਖਾਂ ਰੁਪਏ ਖ਼ਰਚ ਕਰ ਕੇ ਆਯੋਜਿਤ ਕੀਤੇ ਜਾ ਰਹੇ ਅਖੌਤੀ ਕਰਜ਼ਾ ਮੁਆਫ਼ੀ ਸਮਾਗਮਾਂ ਦੀ ਫ਼ੂਕ ਕੱਢ ਦਿੱਤੀ ਹੈ।
'ਆਪ' ਆਗੂਆਂ ਨੇ ਕਿਹਾ ਕਿ ਚੋਣਾਂ ਮੌਕੇ ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਵਾਲੇ ਲਿਖਤੀ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ-ਮਜ਼ਦੂਰਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਕੇ ਕਿਸਾਨਾਂ ਸਮੇਤ ਸਾਰੇ ਵਰਗਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਗਏ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਨਾਲ ਧੋਖਾ ਇਕੱਲਾ ਕਾਂਗਰਸ ਨੇ ਨਹੀਂ ਸਗੋਂ ਅਕਾਲੀ-ਭਾਜਪਾ ਨੇ ਵੀ ਰੱਜ ਕੇ ਕੀਤਾ ਹੈ।
ਅਕਾਲੀ ਦਲ ਬਾਦਲ ਦੀ ਹਿੱਸੇਦਾਰ ਨਰਿੰਦਰ ਮੋਦੀ ਸਰਕਾਰ ਡਾ. ਸਵਾਮੀਨਾਥਨ ਰਿਪੋਰਟ ਲਾਗੂ ਦੇ ਵਾਅਦੇ ਤੋਂ ਬਿਲਕੁਲ ਹੀ ਮੁੱਕਰ ਗਈ। ਮਹਿੰਗਾਈ, ਜੀਐਸਟੀ ਅਤੇ ਖੇਤੀ ਸਬਸਿਡੀਆਂ ਸਮੇਤ ਕਿਸਾਨੀ ਕਰਜ਼ਿਆਂ ਬਾਰੇ ਮੋਦੀ ਸਰਕਾਰ ਦੀ ਅਸੰਵੇਦਨਸ਼ੀਲ ਪਹੁੰਚ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਲੱਕ ਤੋੜ ਦਿੱਤਾ ਹੈ। 'ਆਪ' ਨੇ ਕਿਸਾਨਾਂ-ਮਜ਼ਦੂਰਾਂ ਸਮੇਤ ਸਾਰੇ ਵਰਗਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਾਅਦਾ ਖ਼ਿਲਾਫ਼ੀ ਕਰਨ ਵਾਲੇ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਹਰੇਕ ਚੋਣ 'ਚ ਮੂੰਹ ਤੋੜਵਾਂ ਜਵਾਬ ਦੇਣ।