
ਕਈ ਸੂਬਿਆਂ ਵਿਚੋਂ ਸਾਹਮਣੇ ਆ ਚੁੱਕੇ ਬਰਡ ਫਲੂ ਦੇ ਮਾਮਲੇ
ਪਟਿਆਲਾ (ਪ੍ਰੇਮ ਸਿੰਘ ਗਿੱਲ): ਕੋਰੋਨਾ ਦੀ ਵੈਕਸੀਨ ਆਉਣ ਦੇ ਕੁਝ ਦਿਨਾਂ ਬਾਅਦ ਹੀ ਇਕ ਬੁਰੀ ਖ਼ਬਰ ਮਿਲੀ ਹੈ। ਦਰਅਸਲ ਬਰਡ ਫਲੂ ਨਾਂਅ ਦੀ ਮਹਾਂਮਾਰੀ ਨੇ ਦੇਸ਼ ਵਿਚ ਦਸਤਕ ਦੇ ਦਿੱਤੀ ਹੈ| ਲਗਾਤਾਰ ਸਰਕਾਰ ਦੀ ਇਸ ਉੱਤੇ ਨਜ਼ਰ ਬਣੀ ਹੋਈ ਹੈ| ਦੇਸ਼ ਦੇ ਕਈ ਸੂਬਿਆਂ ਵਿਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ|
Bird flu
ਪੰਜਾਬ ਵਿਚ ਅਧਿਕਾਰਿਕ ਤੌਰ ਉੱਤੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਵਿਚ ਪੈਂਦੇ ਪਿੰਡ ਰੱਖੜਾ ਵਿਚ ਮੁਰਗੀਆਂ ਦੀ ਮੌਤ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ ’ਤੇ ਇਲਾਕੇ ਦੀ ਵੈਟਰਨਰੀ ਡਾਕਟਰ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਮੁਰਗੀਆਂ ਕਿਸ ਕਾਰਣ ਮਰੀਆਂ ਹਨ ਪਰ ਜਿਸ ਤਰ੍ਹਾਂ ਬਰਡ ਫਲੂ ਆਉਣ ਦੀ ਗੱਲ ਕਹੀ ਜਾ ਰਹੀ ਹੈ, ਉਸ ਨਾਲ ਇਸ ਤਰ੍ਹਾਂ ਅਚਾਨਕ ਸੈਂਕੜੇ ਮੁਰਗੀਆਂ ਦਾ ਮਰਨਾ ਅਤੇ ਉਹਨਾਂ ਨੂੰ ਚੁੱਪ-ਚਪੀਤੇ ਤਰ੍ਹਾਂ ਸੜਕ ਕਿਨਾਰੇ ਨੂੰ ਸੁੱਟ ਜਾਣ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ।
Bird Flu
ਸ਼ਾਮ ਤੱਕ ਭਾਵੇਂ ਹੀ ਸਿਹਤ ਵਿਭਾਗ ਨੇ ਇਸ ਮਾਮਲੇ ’ਚ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਬਰਡ ਫਲੂ ਨੂੰ ਲੈ ਕੇ ਸਿਹਤ ਵਿਭਾਗ ਵੀ ਚੌਕਸ ਨਜ਼ਰ ਆ ਰਿਹਾ ਹੈ।ਇੱਧਰ ਨਵਾਂ ਪਿੰਡ ਰੱਖੜਾ ਦੇ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀ ਕੁਤਾਹੀ ਕਰਨ ਵਾਲੇ ਵਿਅਕਤੀ ਨੂੰ ਲੱਭ ਕੇ ਉਸ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
Village People
ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਇਹ ਸਿੱਧੇ ਤੌਰ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਲੋਕ ਪਹਿਲਾਂ ਹੀ ਕੋਰੋਨਾ ਦੀ ਮਾਰ ਤੋਂ ਸਹਿਮੇ ਹੋਏ ਹਨ। ਉੱਪਰੋਂ ਇਸ ਤਰ੍ਹਾਂ ਦੀ ਕਾਰਵਾਈ ਹੋਣਾ ਵੱਡਾ ਡਰ ਪੈਦਾ ਕਰਨ ਵਾਲਾ ਹੈ। ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਕਰ ਕੇ ਜਿੱਥੇ ਇਹ ਲਾਪ੍ਰਵਾਹੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ, ਉਥੇ ਇਨ੍ਹਾਂ ਮੁਰਗੀਆਂ ਨੂੰ ਡਿਸਪਾਜ਼ ਆਫ ਕਰ ਕੇ ਆਸਪਾਸ ਦੇ ਇਲਾਕੇ ’ਚ ਸਾਵਧਾਨੀ ਲਈ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।