
ਉਦਯੋਗ ਵਿਭਾਗ ਵਲੋਂ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ
ਚੰਡੀਗੜ੍ਹ, 12 ਫ਼ਰਵਰੀ (ਸੱਤੀ) : ਕੋਵਿਡ ਕਰ ਕੇ ਬਣੇ ਹਾਲਾਤਾਂ ’ਚੋਂ ਤੇਜ਼ੀ ਨਾਲ ਨਿਕਲਣ, ਸੂਬੇ ਵਿਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਕਲੱਸਟਰ ਵਿਕਾਸ ਪਹੁੰਚ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਮਾਈਕਰੋ ਐਂਡ ਸਮਾਲ ਇੰਟਰਪ੍ਰਾਇਜਜ਼ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ (ਐਮਐਸਈ-ਸੀਡੀਪੀ) ਤਹਿਤ ਇਨ੍ਹਾਂ ਲਈ ਕਾਮਨ ਫ਼ੈਸਿਲੀਟੇਸ਼ਨ ਸੈਂਟਰ (ਸੀ.ਐਫ.ਸੀ.) ਸਥਾਪਤ ਕਰਨ ਲਈ 15 ਉਦਯੋਗਿਕ ਕਲੱਸਟਰਾਂ ਦੀ ਪਛਾਣ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦਸਿਆ ਕਿ ਇਹ ਕਲੱਸਟਰ ਪ੍ਰਸਤਾਵ ਲਾਗੂਕਰਨ ਦੇ ਵੱਖ-ਵੱਖ ਪੜਾਵਾਂ ’ਤੇ ਹਨ। ਉਨ੍ਹਾਂ ਦਸਿਆ ਕਿ ਚਾਰ ਕਲੱਸਟਰਾਂ ਵਿਚ ਕੇਂਦਰ ਸਰਕਾਰ ਵਲੋਂ ਹਾਈਟੈੱਕ ਮੈਟਲ ਕਲੱਸਟਰ, ਮੁਹਾਲੀ, ਆਇਲ ਐਕਸਪੈਲਰ ਐਂਡ ਪਾਰਟਸ ਕਲੱਸਟਰ, ਲੁਧਿਆਣਾ, ਗਾਰਮੈਂਟਸ ਕਲੱਸਟਰ, ਲੁਧਿਆਣਾ ਅਤੇ ਫ਼ਾਉਂਡਰੀ ਕਲੱਸਟਰ, ਕਪੂਰਥਲਾ ਨਾਮੀ 4 ਡੀਪੀਆਰਜ਼ ਨੂੰ ਅੰਤਮ ਮਨਜ਼ੂਰੀ ਦਿਤੀ ਗਈ ਹੈ, ਜਿਸ ਲਈ ਕੇਂਦਰ ਸਰਕਾਰ ਪ੍ਰਾਜੈਕਟ ਦੀ ਵੱਧ ਤੋਂ ਵੱਧ 15 ਕਰੋੜ ਰੁਪਏ ਦੀ ਪ੍ਰਾਜੈਕਟ ਲਾਗਤ ਦਾ 70 ਫ਼ੀ ਸਦੀ ਤੋਂ 90 ਫ਼ੀ ਸਦੀ ਤਕ ਗਰਾਂਟ ਪ੍ਰਦਾਨ ਕਰੇਗੀ।
ਮੰਤਰੀ ਨੇ ਅੱਗੇ ਦੱਸਿਆ ਕਿ ਹਾਈਟੈੱਕ ਮੈਟਲ ਕਲੱਸਟਰ, ਮੁਹਾਲੀ ਅਤੇ ਆਇਲ ਐਕਸਪੈਲਰ ਐਂਡ ਪਾਰਟਸ ਕਲੱਸਟਰ, ਲੁਧਿਆਣਾ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਜਦਕਿ ਬਾਕੀ ਕਲੱਸਟਰਾਂ ਦਾ ਕੰਮ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।
ਕੈਬਨਿਟ ਮੰਤਰੀ ਨੇ ਦਸਿਆ ਕਿ ਆਟੋਟੈੱਕ ਕਲੱਸਟਰ, ਲੁਧਿਆਣਾ, ਸਿਲਾਈ ਮਸ਼ੀਨ ਕਲੱਸਟਰ, ਲੁਧਿਆਣਾ ਅਤੇ ਪਟਿਆਲਾ ਵਿਖੇ ਕਟਿੰਗ ਟੂਲਜ਼ ਕਲੱਸਟਰ ਸਮੇਤ ਤਿੰਨ ਹੋਰ ਕਲੱਸਟਰਾਂ ਨੂੰ ਸਰਕਾਰ ਤੋਂ ਸਿਧਾਂਤਕ ਪ੍ਰਵਾਨਗੀ ਮਿਲੀ ਗਈ ਹੈ ਅਤੇ ਹੋਰਨਾਂ ਕਲੱਸਟਰਾਂ ਵਿਚ ਸਮਰੱਥਾ ਨਿਰਮਾਣ ਦਾ ਮੁੱਢਲਾ ਕਾਰਜ ਜਾਰੀ ਹੈ।