ਦਿਓਲ ਪਰਵਾਰ ਦਾ ਸਿਆਸਤ ’ਚ ਆ ਖ਼ੁਦ ਨੂੰ ਵੰਡ ਲੈਣਾ, ਬਹੁਤ ਗ਼ਲਤ ਫ਼ੈਸਲਾ: ਰਵਨੀਤ ਬਿੱਟੂ
Published : May 13, 2019, 12:43 pm IST
Updated : May 13, 2019, 12:43 pm IST
SHARE ARTICLE
Ravneet Bittu's interview
Ravneet Bittu's interview

ਨਕਲੀ ਪੱਗ ਬੰਨਣ ਵਾਲੇ ਤੇ ਜਿੰਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਉਨ੍ਹਾਂ ਨੂੰ ਪੰਜਾਬ ’ਚ ਭੇਜ ਭਾਜਪਾ ਨੇ ਪੰਜਾਬ ਨਾਲ ਬਹੁਤ ਭੱਦਾ ਮਜ਼ਾਕ ਕੀਤੈ

ਚੰਡੀਗੜ੍ਹ: ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਵਲੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ‘ਸਪੋਕਸਮੈਨ ਟੀਵੀ’ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਪੰਜਾਬ ਦੀ ਸਿਆਸਤ ਅਤੇ ਕੇਂਦਰ ਦੀ ਸਿਆਸਤ ਨੂੰ ਲੈ ਕੇ ਕੁਝ ਅਹਿਮ ਤੱਥ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: ਤੁਹਾਡੇ ਚੋਣ ਪ੍ਰਚਾਰ ਦੀ ਸਥਿਤੀ ਇਸ ਸਮੇਂ ਕੀ ਚੱਲ ਰਹੀ ਹੈ?

ਜਵਾਬ: ਦੇਖੋ ਜੀ, ਇਸ ਸਮੇਂ ਜਿਹੜਾ ਮਾਹੌਲ ਹੈ ਉਹ ਮੋਦੀ ਸਾਬ੍ਹ ਦੇ ਬਿਲਕੁਲ ਵਿਰੁਧ ਹੈ। ਇਸ ਦਾ ਕਾਰਨ ਇਹ ਹੈ ਕਿ ਅਕਾਲੀ-ਭਾਜਪਾ ਨੇ ਪੰਜਾਬ ਦੇ ਲਈ ਕੁਝ ਨਹੀਂ ਕੀਤਾ। ਜੇ ਅਕਾਲੀ-ਭਾਜਪਾ ਵਾਲੇ ਇਕ ਵੀ ਅਜਿਹਾ ਕੰਮ ਗਿਣਾ ਦੇਣ ਜੋ ਪੰਜਾਬ ਲਈ ਕੀਤਾ ਹੋਵੇ ਤਾਂ ਮੇਰੇ ਵਲੋਂ ਸਾਰੀਆਂ ਵੋਟਾਂ ਉਨ੍ਹਾਂ ਦੀਆਂ ਪਰ ਮੋਦੀ ਸਾਬ੍ਹ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਜਿਹੜਾ ਉਨ੍ਹਾਂ ਨੇ ਮੰਤਰਾਲਾ ਦਿਤਾ ਉਸ ਵਿਚ ਵੀ ਮੋਦੀ ਨੇ ਮਤਰੇਈ ਮਾਂ ਵਾਲਾ ਸਲੂਕ ਅਕਾਲੀ ਦਲ ਨਾਲ ਤੇ ਭਾਜਪਾ ਨਾਲ ਕੀਤਾ।

ਜਿਹੜੇ ਸੀਨੀਅਰ ਮੰਤਰੀ ਜਿਵੇਂ ਕਿ ਢੀਂਡਸਾ ਜੀ, ਬ੍ਰਹਮਪੁਰਾ ਜੀ, ਚੰਦੂਮਾਜਰਾ ਜੀ ਨੂੰ ਛੱਡ ਕੇ ਬਾਦਲਾਂ ਨੇ ਅਪਣੀ ਨਹੂੰ ਨੂੰ ਹੀ ਕੈਬਨਿਟ ਮੰਤਰੀ ਬਣਾ ਕੇ ਰੱਖਿਆ। ਇਸ ਕਰਕੇ ਬਾਦਲਾਂ ਤੋਂ ਲੋਕ ਪਹਿਲਾਂ ਹੀ ਬਹੁਤ ਨਾਰਾਜ਼ ਹਨ ਤੇ ਹੁਣ ਮੋਦੀ ਕਰਕੇ ਬਾਦਲਾਂ ਪ੍ਰਤੀ ਲੋਕਾਂ ਵਿਚ ਗੁੱਸਾ ਹੋਰ ਵੱਧ ਗਿਆ ਹੈ। ਦੂਜੀ ਗੱਲ, ਤੀਜੀ ਧਿਰ ਦੇ ਉਮੀਦਵਾਰ ਜਿਹੜੇ ਹਨ (ਸਿਮਰਜੀਤ ਬੈਂਸ ਬਾਰੇ ਬੋਲਦੇ ਹੋਏ), ਠੀਕ ਹੈ ਕਿ ਉਹ ਦੋਵੇਂ ਭਰਾ ਦੋ ਵਾਰ ਐਮ.ਐਲ.ਏ. ਬਣੇ ਹਨ ਪਰ ਲੋਕਾਂ ਦੇ ਮਨ ਵਿਚ ਕਿਤੇ ਨਾ ਕਿਤੇ ਇਹ ਗੱਲ ਵੀ ਹੈ ਕਿ ਆਜ਼ਾਦ ਬੰਦੇ ਨੂੰ ਪਾਰਲੀਮੈਂਟ ਵਿਚ ਬੋਲਣ ਦਾ ਨਾ ਤਾਂ ਮੌਕਾ ਮਿਲਦਾ ਹੈ ਤੇ ਨਾ ਹੀ ਉੱਥੇ ਉਸ ਦੀ ਕੋਈ ਤਾਕਤ ਹੁੰਦੀ ਹੈ।

ਲੋਕ ਇਸ ਗੱਲ ਨੂੰ ਸਮਝਦੇ ਹਨ ਕਿ ਜੇ ਕੱਲ੍ਹ ਨੂੰ ਕੋਈ ਕੰਮ ਲੈਣਾ ਹੈ ਜਾਂ ਕੋਈ ਪ੍ਰੋਜੈਕਟ ਲੈਣਾ ਹੈ ਤਾਂ ਜਿਸ ਦੀ ਸਰਕਾਰ ਬਣਦੀ ਹੈ ਉਸ ਤੋਂ ਹੀ ਲੈਣਾ ਹੈ ਪਰ ਸਰਕਾਰ ਤਾਂ ਸਿਰਫ਼ ਕਾਂਗਰਸ ਜਾਂ ਭਾਜਪਾ ਦੀ ਹੀ ਹਰ ਵਾਰ ਬਣਦੀ ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਲੋਕ ਇਨ੍ਹਾਂ ਗੱਲਾਂ ਨੂੰ ਵੇਖਦੇ ਹਨ ਤੇ ਸਮਝਦੇ ਹਨ ਅਤੇ ਇਸ ਵਾਰ ਕਾਂਗਰਸ ਪਾਰਟੀ ਨੂੰ ਤਰਜੀਹ ਦੇ ਰਹੇ ਹਨ।

ਸਵਾਲ: ਇਸ ਵਾਰ ਫੂਲਕਾ ਸਾਬ੍ਹ ਜਿਵੇਂ ਚੋਣ ਮੈਦਾਨ ਵਿਚ ਨਹੀਂ ਹਨ ਤੇ ਤੁਸੀਂ ਮੁਕਾਬਲੇ ਨੂੰ ਕਿਸ ਤਰ੍ਹਾਂ ਵੇਖਦੇ ਹੋ?

ਜਵਾਬ: ਜਦੋਂ ਫੂਲਕਾ ਜੀ 2014 ਵਿਚ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਬੜਾ ਮਾਣ-ਸਨਮਾਨ ਦਿਤਾ ਤੇ 3 ਲੱਖ ਦੇ ਲਗਭੱਗ ਵੋਟ ਉਨ੍ਹਾਂ ਨੂੰ ਪਈ ਤੇ ਮੈਂ 19 ਹਜ਼ਾਰ ਦੇ ਲਗਭੱਗ ਵੋਟਾਂ ਨਾਲ ਉਨ੍ਹਾਂ ਤੋਂ ਬੜੀ ਮੁਸ਼ਕਿਲ ਨਾਲ ਜਿੱਤਿਆ ਸੀ। ਉਸ ਤੋਂ ਬਾਅਦ ਉਹ ਫਿਰ ਵਿਧਾਨ ਸਭਾ ਚੋਣਾਂ ਵਿਚ ਆ ਗਏ ਤੇ ਲੋਕਾਂ ਨੇ ਫਿਰ 56 ਹਜ਼ਾਰ ਵੋਟ ਪਾ ਦਿਤੀ ਤੇ ਲੋਕ ਹੁਣ ਖ਼ੁਦ ਨੂੰ ਲੁੱਟਿਆ ਹੋਇਆ ਤੇ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਕਿਉਂਕਿ ਫੂਲਕਾ ਜੀ ਇਕ ਵਾਰ ਫਿਰ 56 ਹਜ਼ਾਰ ਵੋਟਾਂ ਨੂੰ ਲੱਤ ਮਾਰ ਕੇ ਅਸਤੀਫ਼ਾ ਦੇ ਕੇ ਚਲੇ ਗਏ।

ਫੂਲਕਾ ਸਾਬ੍ਹ ਨੇ ਲੋਕਾਂ ਨੂੰ ਕਿਹਾ ਹੋਇਆ ਹੈ ਕਿ ਮੈਂ ਅਸਤੀਫ਼ਾ ਦਿਤਾ ਹੋਇਆ ਹੈ ਤੇ ਉੱਥੇ ਅਸਤੀਫ਼ਾ ਮੰਜ਼ੂਰ ਨਹੀਂ ਹੁੰਦਾ। ਇਕ-ਅੱਧਾ ਅੱਖਰ ਗਲਤ ਲਿਖ ਦਿੰਦੇ ਨੇ ਤੇ ਫਿਰ ਉਹ ਵਿਧਾਨ ਸਭਾ ਵਿਚ ਸਪੀਕਰ ਭੇਜਦੇ ਹਨ ਤੇ 6 ਮਹੀਨੇ ਫਿਰ ਲੱਗ ਜਾਂਦੇ ਨੇ। ਇੱਥੇ ਲੋਕਾਂ ਨੂੰ ਕਹਿੰਦੇ ਹਨ ਕਿ ਮੈਨੂੰ ਕੋਈ ਵਿਆਹ ਦਾ, ਮਰਗ ਦਾ ਜਾਂ ਭੋਗ ਦਾ ਸੱਦਾ ਨਾ ਦੇਣ, ਮੈਂ ਅਸਤੀਫ਼ਾ ਦਿਤਾ ਹੋਇਆ ਹੈ ਤੇ ਉੱਥੋਂ ਤਨਖ਼ਾਹ ਸਾਢੇ 3 ਲੱਖ ਰੁਪਏ, ਗੱਡੀ ਤੇ ਫਲੈਟ ਸਾਰੀਆਂ ਚੀਜ਼ਾਂ ਵਰਤਦੇ ਹਨ।

ਪੰਜਾਬ ਵਿਚ 117 ਵਿਧਾਨ ਸਭਾ ਹਲਕੇ ਹਨ ਤੇ ਇਸ ਸਮੇਂ 116 ਹਲਕਿਆਂ ਵਿਚ ਐਮ.ਐਲ.ਏ. ਕੰਮ ਕਰ ਰਹੇ ਹਨ ਪਰ ਇਕ ਦਾਖਾ ਹਲਕਾ ਹੈ ਜਿਸ ਦਾ ਐਮ.ਐਲ.ਏ. ਉਸ ਨੂੰ ਛੱਡ ਕੇ ਚਲਾ ਗਿਆ। ਇਸ ਕਰਕੇ ਲੋਕਾਂ ਦੇ ਮਨ ਵਿਚ ਹੈ ਕਿ ਇਹ ਕਿੰਨੇ ਕੁ ਅਪਣੇ ਕੰਮ ਪ੍ਰਤੀ ਫ਼ਿਕਰਮੰਦ ਹਨ। ਪਿਛਲੀ ਵਾਰ ਬੈਂਸ ਸਾਬ੍ਹ ਦਾ ਮੁਕਾਬਲਾ ਆਮ ਪਾਰਟੀ ਨਾਲ ਸੀ, ਇਹ ਸਮਝੌਤਾ ਹੈ। ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣਾ, ਇਹ ਇਨ੍ਹਾਂ ਦਾ ਸ਼ੌਕ ਹੈ। ਸਿਆਸਤ ਵਿਚ ਲੋਕਾਂ ਨਾਲ ਬਹੁਤ ਇਮਾਨਦਾਰੀ ਨਾਲ ਚੱਲਣਾ ਪੈਂਦਾ ਹੈ। ਇਹ ਸਭ ਗੱਲਾਂ ਨੂੰ ਲੈ ਕੇ ਲੋਕ ਹੁਣ ਕਿਤੇ ਨਾ ਕਿਤੇ ਜਾਗਰੂਕ ਹੋ ਚੁੱਕੇ ਹਨ।

ਸਵਾਲ: ਤੁਸੀਂ ਇਕ ਸਿਆਸੀ ਪਰਵਾਰ ਵਿਚੋਂ ਹੋ, ਬਚਪਨ ਤੋਂ ਤੁਸੀਂ ਸਿਆਸਤਦਾਨਾਂ ਵਿਚ ਰਹੇ ਹੋ ਤੇ ਤੁਸੀਂ ਹਿੰਦੁਸਤਾਨ, ਪੰਜਾਬ ਤੇ ਲੁਧਿਆਣਾ ਦੀ ਸਿਆਸਤ ਵਿਚ ਕੀ ਬਦਲਾਅ ਵੇਖਦੇ ਹੋ?

ਜਵਾਬ: ਦੇਖੋ ਜੀ, ਮੈਂ ਜਦੋਂ ਛੋਟਾ ਸੀ ਤਾਂ ਮੈਂ ਅਪਣੇ ਦਾਦਾ ਜੀ ਦੇ ਸਮੇਂ ’ਤੇ ਵੀ ਸਿਆਸਤ ਵੇਖੀ। ਉਸ ਤੋਂ ਬਾਅਦ ਮੇਰੇ ਤਾਇਆ ਜੀ ਤੇਜ ਪ੍ਰਕਾਸ਼ ਵੇਲੇ ਵੀ ਵੇਖੀ ਤੇ ਹੁਣ ਖ਼ੁਦ ਵੀ ਸਿਆਸਤ ਵਿਚ ਪੈ ਕੇ ਮੈਂ ਚੌਥੀ ਵਾਰ ਚੋਣ ਲੜ ਰਿਹਾ ਹਾਂ। ਬਹੁਤ ਵੱਡਾ ਬਦਲਾਅ ਹੈ ਸਿਆਸਤ ਵਿਚ।

ਪਹਿਲਾਂ ਚਿੱਠੀਆਂ ’ਤੇ ਕੰਮ ਹੁੰਦੇ ਸੀ, ਉਦੋਂ ਸਾਰੇ ਸਿਆਸਤਦਾਨਾਂ ਵਿਚ ਜਾਨ ਹੁੰਦੀ ਸੀ ਕਿਉਂਕਿ ਸਾਰੇ ਬੇਦਾਗ ਹੁੰਦੇ ਸੀ। ਉਦੋਂ ਸਿਆਸਤਦਾਨਾਂ ਵਿਚ ਲਾਲਚ ਵੀ ਘੱਟ ਸੀ ਤੇ ਅਫ਼ਸਰ ਵੀ ਉਨ੍ਹਾਂ ਦੀ ਇੱਜ਼ਤ-ਮਾਣ ਕਰਦੇ ਸੀ ਪਰ ਹੁਣ ਦੋਵਾਂ ਚੀਜ਼ਾਂ ਵਿਚ ਫ਼ਰਕ ਹੈ। ਜਿਹੜੇ ਅਫ਼ਸਰ ਹਨ ਉਹ ਅੱਜਕੱਲ੍ਹ ਜ਼ਿਆਦਾ ਸ਼ਕਤੀਸ਼ਾਲੀ ਹੋ ਗਏ ਤੇ ਸਿਆਸਤਦਾਨਾਂ ਨੇ ਅਪਣੇ ਆਪ ਨੂੰ ਕਮਜ਼ੋਰ ਕਰ ਲਿਆ ਹੈ, ਉਹ ਭਾਵੇਂ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਕਰਕੇ, ਭਾਵੇਂ ਉਨ੍ਹਾਂ ਦੇ ਚਰਿੱਤਰ ਕਰਕੇ।

ਇਸ ਕਰਕੇ ਅੱਜ ਸਾਨੂੰ ਲੋਕ ਸ਼ੱਕੀ ਨਿਗ੍ਹਾ ਨਾਲ ਵੇਖਦੇ ਹਨ। ਇਹ ਗੱਲ ਮੰਨਣ ਦੀ ਲੋੜ ਹੈ ਕਿ ਮੇਰੇ ਦਾਦਾ ਜੀ ਵੇਲੇ ਦੇ ਮੁਕਾਬਲੇ ਅੱਜ ਦੇ ਸਿਆਸਤਦਾਨ ਜ਼ਿਆਦਾ ਕਮਜ਼ੋਰ ਹਨ।

ਸਵਾਲ: ਬਠਿੰਡਾ ਤੋਂ ਤੁਹਾਡੇ ਮਿੱਤਰ ਰਾਜਾ ਵੜਿੰਗ ਪਹਿਲੀ ਵਾਰ ਚੋਣ ਲੜਨ ਜਾ ਰਹੇ ਹਨ ਤੇ ਤੁਸੀਂ ਸਿਰਫ਼ ਅਪਣਾ ਕਿਲ੍ਹਾ ਹੀ ਸੁਰੱਖਿਅਤ ਰੱਖੋਗੇ ਜਾਂ ਉਨ੍ਹਾਂ ਵੱਲ ਧਿਆਨ ਦੇਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ?

ਜਵਾਬ: ਦੇਖੋ ਜੀ, ਸੁਖਬੀਰ ਹੁਰਾ ਦੀ ਨਾ ਤਾਂ ਹੁਣ ਸਰਕਾਰ ਹੈ ਤੇ ਨਾ ਹੀ ਉਨ੍ਹਾਂ ਕੋਲ ਹੁਣ ਤਾਕਤ ਹੈ। ਲੋਕ ਉਨ੍ਹਾਂ ਕੋਲੋਂ ਪਿੱਛੇ ਹੱਟ ਚੁੱਕੇ ਹਨ। ਇਸ ਲਈ ਮੈਂ ਸਮਝਦਾ ਹਾਂ ਕਿ ਰਾਜਾ ਵੜਿੰਗ ਇਕ ਬਹੁਤ ਮਿਹਨਤੀ ਇਨਸਾਨ ਹੈ। ਯੂਥ ਕਾਂਗਰਸ ਵਿਚ ਅਸੀਂ ਬਹੁਤ ਸਮਾਂ ਇਕੱਠੇ ਰਹੇ ਸੀ, ਚੋਣਾਂ ਵੀ ਲੜੀਆਂ, ਮੈਂ ਪ੍ਰਧਾਨ ਸੀ ਤੇ ਰਾਜਾ ਵੜਿੰਗ ਜਨਰਲ ਸੈਕਟਰੀ ਸੀ।

ਇਸ ਲਈ ਬਠਿੰਡਾ ਲਈ ਹਰ ਹੀਲਾ-ਵਸੀਲਾ ਕਰਾਂਗੇ ਕਿਉਂਕਿ ਉਹ ਇਕ ਬਹੁਤ ਵੱਡੀ ਲੜਾਈ ਹੈ ਤੇ ਜੇ ਉਹ ਲੜਾਈ ਅਸੀਂ ਜਿੱਤ ਲਈ ਤਾਂ ਮੈਂ ਸਮਝਦਾ ਹਾਂ ਕਿ ਬਾਦਲ ਪਰਵਾਰ ਪੂਰੀ ਤਰ੍ਹਾਂ ਟੁੱਟ ਜਾਵੇਗਾ ਤੇ ਫਿਰ ਕੋਈ ਹੋਰ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਜੇ ਅਸੀਂ ਬਠਿੰਡਾ ਸੀਟ ਜਿੱਤ ਲਈ।

ਸਵਾਲ: ਲੁਧਿਆਣਾ ਦੀ ਇੰਡਸਟਰੀ ਖ਼ਤਰੇ ਵਿਚ ਹੈ ਤੇ ਕੋਈ ਖ਼ਾਸ ਰਿਆਇਤ ਨਹੀਂ ਮਿਲ ਰਹੀ, ਕੀ ਤੁਸੀਂ ਇਸ ਦਾ ਕੋਈ ਸਟੀਕ ਹੱਲ ਸੋਚਿਆ ਹੈ?

ਜਵਾਬ: ਜੀ ਬਿਲਕੁਲ ਸਹੀ ਕਿਹਾ ਤੁਸੀਂ, ਲੁਧਿਆਣਾ ਹੀ ਇਕ ਪੰਜਾਬ ਦਾ ਅਜਿਹਾ ਸ਼ਹਿਰ ਹੈ ਜਿੱਥੇ ਸਭ ਤੋਂ ਵੱਧ ਇੰਡਸਟਰੀ ਹੈ ਤੇ ਜੇ ਇੱਥੇ ਹੀ ਅਸੀਂ ਕੁਝ ਨਾ ਕਰ ਸਕੇ ਤਾਂ ਇਹ ਸਾਡੇ ਲਈ ਬਹੁਤ ਮੰਦਭਾਗੀ ਗੱਲ ਹੋਵੇਗੀ।

ਲੁਧਿਆਣਾ ਵਿਚ ਸਭ ਕੁਝ ਹੈ ਪਰ ਸਿਰਫ਼ ਵਪਾਰ ਨਹੀਂ ਹੋ ਰਿਹਾ। ਇਸ ਲਈ ਕੈਪਟਨ ਸਾਬ੍ਹ ਦੀ ਨਵੀਂ ਸੋਚ ਮੁਤਾਬਕ ਪਹਿਲਾਂ ਲੁਧਿਆਣਾ ਵਿਚ ਇਕ ਕੌਮਾਂਤਰੀ ਏਅਰਪੋਰਟ ਬਹੁਤ ਜ਼ਰੂਰੀ ਹੈ। ਇਸ ਲਈ ਸਾਹਨੇਵਾਲ ਛੱਡ ਕੇ ਹੁਣ ਹਲਵਾਰਾ ਵਿਖੇ ਏਅਰਪੋਰਟ ਬਣਾਉਣ ਲਈ ਐਮਓਯੂ ਸਾਈਨ ਹੋ ਗਿਆ ਤੇ ਇਸ ਦੇ ਲਈ 300 ਏਕੜ ਜ਼ਮੀਨ ਐਕਵਾਇਰ ਕਰ ਲਈ ਗਈ ਹੈ।

ਇਸ ਤੋਂ ਇਲਾਵਾ ਇਕ ਐਗਜ਼ੀਬਿਸ਼ਨ ਸੈਂਟਰ (ਪ੍ਰਦਰਸ਼ਨੀ ਸੈਂਟਰ) ਸਾਢੇ 9 ਏਕੜ ਜ਼ਮੀਨ ਵਿਚ ਲਗਭੱਗ 700 ਕਰੋੜ ਦੀ ਲਾਗਤ ਨਾਲ ਬਣਵਾਇਆ ਜਾਵੇਗਾ। (ਐਗਜ਼ੀਬਿਸ਼ਨ ਸੈਂਟਰ ਜਿੱਥੇ ਫੈਕਟਰੀਆਂ ਵਲੋਂ ਤਿਆਰ ਕੀਤੇ ਜਾਂਦੇ ਪ੍ਰੋਡਕਟਸ ਦੀ ਨੁਮਾਇੰਸ਼ ਲਗਾਈ ਜਾਂਦੀ ਹੈ ਉਸ ਚੀਜ਼ ਦੇ ਮੁੱਲ ਦੇ ਨਾਲ)

ਸਵਾਲ: ਧਰਮਿੰਦਰ ਸਾਬ੍ਹਾ ਲੁਧਿਆਣਾ ਦੇ ਜੰਮ ਪਲ ਹਨ ਤੇ ਹੁਣ ਦਿਓਲ ਪੁੱਤਰਾਂ ਨੂੰ ਪੰਜਾਬ ਵਿਚ ਪੱਗਾਂ ਜੁੜਨ ਲੱਗ ਪਈਆਂ ਤੇ ਬੰਨ੍ਹੀਆਂ ਵੀ ਜਾਣ ਲੱਗੀਆਂ ਹਨ, ਇਹ ਸਿਰਫ਼ ਗੁਰਦਾਸਪੁਰ ਤੱਕ ਹੀ ਕਾਂਗਰਸ ਲਈ ਸੰਕਟ ਹੈ ਜਾਂ ਲੁਧਿਆਣਾ ਲਈ ਵੀ?

ਜਵਾਬ: ਦੇਖੋ ਜੀ, ਮੈਂ ਸਮਝਦਾ ਹਾਂ ਕਿ ਭਾਜਪਾ ਨੇ ਉਨ੍ਹਾਂ ਦੇ ਨਾਲ ਬਹੁਤ ਹੀ ਭੱਦਾ ਮਜ਼ਾਕ ਕੀਤਾ ਹੈ। ਬੰਬੇ ਦੇ ਰਹਿਣ ਵਾਲੇ ਤੇ ਕਿਸੇ ਤੋਂ ਪੱਗ ਬਣਾਉਣ ਵਾਲੇ ਨੂੰ ਪੰਜਾਬ ਦੀ ਸਿਆਸਤ ਵਿਚ ਭੇਜ ਕੇ ਕਿਤੇ ਨਾ ਕਿਤੇ ਵੋਟਰਾਂ ਨਾਲ ਵੀ ਮਜ਼ਾਕ ਕੀਤਾ ਗਿਆ। ਅੰਮ੍ਰਿਤਸਰ ਤਾਂ ਉਹ ਉਮੀਦਵਾਰ ਭੇਜ ਦਿਤਾ ਜਿਸ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ।

ਭਾਜਪਾ ਨੇ ਬਹੁਤ ਵੱਡਾ ਮਜ਼ਾਕ ਕੀਤਾ ਹੈ। ਕੀ ਇਨ੍ਹਾਂ ਕੋਲ ਕੋਈ ਪੱਗ ਵਾਲਾ ਉਮੀਦਵਾਰ ਹੀ ਨਹੀਂ ਰਿਹਾ। ਉਸ ਨੂੰ ਟਿਕਟ ਦੇ ਦਿਤੀ ਜਿਹੜਾ ਨਕਲੀ ਪੱਗ ਬੰਨਦਾ ਹੈ, ਦੋਵੇਂ ਉਮੀਦਵਾਰ ਹਨ ਜਿੰਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਜੋ ਲਿਖਿਆ ਦੇ ਦਿਤਾ ਜਾਂਦਾ ਹੈ ਉਹ ਬੋਲਦੇ ਹਨ। ਕਿਵੇਂ ਮੁਕਾਬਲਾ ਕਰਨਗੇ ਜਾਖੜ ਸਾਬ੍ਹ ਦਾ ਇਹ ਮੈਨੂੰ ਸਮਝ ਨਹੀਂ ਆਉਂਦੀ। ਮੈਂ ਸਮਝਦਾ ਹਾਂ ਇਹ ਭਾਜਪਾ ਦਾ ਗਲਤ ਫ਼ੈਸਲਾ ਹੈ ਕਿਉਂਕਿ ਪੰਜਾਬ ਦੀ ਗੱਲ ਤਾਂ ਦੂਰ, ਗੁਰਦਾਸਪੁਰ ਵਿਚ ਵੀ ਭਾਜਪਾ ਦੀ ਵੱਡੀ ਹਾਰ ਹੋਵੇਗੀ।

ਪਰ ਇਸ ਗੱਲ ਦਾ ਦੁੱਖ ਲੱਗੇਗਾ ਕਿ ਦਿਓਲ ਪਰਵਾਰ ਨੇ ਬਹੁਤ ਗਲਤ ਫ਼ੈਸਲਾ ਲਿਆ ਹੈ ਕਿਉਂਕਿ ਸਾਰੀ ਉਮਰ ਉਨ੍ਹਾਂ ਨੇ ਇਸ ਪੰਜਾਬ ਤੋਂ ਪਿਆਰ ਖੱਟਿਆ ਹੈ ਪਰ ਉਨ੍ਹਾਂ ਨੂੰ ਕੀ ਲੋੜ ਸੀ ਖ਼ੁਦ ਨੂੰ ਪਾਰਟੀ ਵਿਚ ਵੰਡਣ ਦੀ। ਇੱਥੋਂ ਤੱਕ ਕਿ ਜਾਖੜ ਸਾਬ੍ਹ ਨੇ ਕਿਹਾ ਸੀ ਕਿ ਮੈਂ ਇਨ੍ਹਾਂ ਨੂੰ ਪਿਆਰ ਕਰਦਾ ਹਾਂ ਪਰ ਇਹ ਪਾਰਟੀ ਵਿਚ ਅਪਣੇ ਆਪ ਨੂੰ ਵੰਡ ਕੇ ਬਹਿ ਗਏ। ਇਸ ਲਈ ਮੈਂ ਸਮਝਦਾ ਹਾਂ ਕਿ ਇਹ ਬਹੁਤ ਗਲਤ ਫ਼ੈਸਲਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement