
ਦੁਕਨਦਾਰਾਂ ਨੇ SGPC ’ਤੇ ਲਗਾਏ ਗੁੰਡਾਗਰਦੀ ਕਰਨ ਦੇ ਇਲਜ਼ਾਮ
ਅੰਮ੍ਰਿਤਸਰ: ਗੁਰਦੁਆਰਾ ਸ਼ਹੀਦਾਂ ਸਾਹਿਬ ਕੋਲ ਬਣੀਆਂ 6 ਦੁਕਾਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨ ਢਾਹ ਦਿਤਾ ਗਿਆ। ਦੁਕਨਦਾਰਾਂ ਨੇ ਐਸ.ਜੀ.ਪੀ,ਸੀ. ਦੀ ਇਸ ਕਾਰਵਾਈ ਵਿਰੁਧ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ। ਦੁਕਾਨਦਾਰ ਪਰਮਿੰਦਰ ਸਿੰਘ ਰਾਜਾ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਵਲੋਂ 100 ਗਜ਼ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਮੁਫ਼ਤ ਦਿਤੀ ਸੀ ਅਤੇ ਇਸ ਦੇ ਬਦਲੇ 50 ਸਾਲ ਪਹਿਲਾਂ ਇਹ ਦੁਕਾਨਾਂ ਕਿਰਾਏ ’ਤੇ ਚਲਾਉਣ ਲਈ ਲਈਆਂ ਸਨ। ਇਨ੍ਹਾਂ ਦੁਕਾਨਾਂ ’ਤੇ ਅਦਾਲਤ ਵਲੋਂ ਸਟੇਅ ਲੱਗੀ ਹੋਈ ਸੀ ਪਰ ਸ਼੍ਰੋਮਣੀ ਕਮੇਟੀ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਇਹ ਦੁਕਾਨਾਂ ਢਾਹ ਦਿਤੀਆਂ।
ਇਹ ਵੀ ਪੜ੍ਹੋ: ਪਟਿਆਲਾ 'ਚ ਪਾਤੜਾਂ ਖਨੌਰੀ ਪੁਲ ਰੁੜ੍ਹਿਆ, ਘੱਗਰ 'ਚ ਪਏ ਪਾੜ ਕਾਰਨ ਪਾਣੀ 'ਚ ਡੁੱਬੇ ਘਰ
ਇਸ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਪੈਸੇ ਨਹੀਂ ਚਾਹੀਦੇ, ਜਗ੍ਹਾ ਦੀ ਥਾਂ ਹੋਰ ਜਗ੍ਹਾ ਦਿਤੀ ਜਾਵੇ। ਪੰਜਾਬ ਸਰਕਾਰ ਨੂੰ ਇਨਸਾਫ਼ ਦੀ ਅਪੀਲ ਕਰਦਿਆਂ ਪਰਮਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਧੱਕਾ ਕੀਤਾ ਜਾ ਰਿਹਾ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮੀਤ ਹੇਅਰ ਵਲੋਂ ਲੋਕਾਂ ਨੂੰ ਪ੍ਰਸ਼ਾਸਨ, ਸੈਨਾ ਤੇ ਐਨ.ਡੀ.ਆਰ.ਐਫ. ਨਾਲ ਤਾਲਮੇਲ ਕਰ ਕੇ ਬਚਾਅ ਕਾਰਜ ਕਰਨ ਦੀ ਅਪੀਲ
ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਪਰਮਿੰਦਰ ਸਿੰਘ ਰਾਜਾ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਕਮੇਟੀ ਰਾਹੀਂ ਧੱਕਾ ਕਰਵਾਇਆ ਜਾ ਰਿਹਾ ਹੈ। ਪਰਮਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰੀ ਨੂੰ ਵਸਾਇਆ ਸੀ, ਪਰ ਅਕਾਲੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਲ਼ ਕੇ ਸਿੱਖਾਂ ਨੂੰ ਉਜਾੜਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਮੇਟੀ ਨੇ ਸੁਣਵਾਈ ਨਾ ਕੀਤੀ ਤਾਂ ਉਹ ਅਦਾਲਤ ਦਾ ਰੁਖ ਕਰਨਗੇ। ਦੁਕਾਨਦਾਰ ਨੇ ਦਸਿਆ ਕਿ ਜਦੋਂ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਨ ਗਏ ਤਾਂ ਉਨ੍ਹਾਂ ਨੂੰ ਮਿਲਣ ਨਹੀਂ ਦਿਤਾ ਗਿਆ।
ਇਹ ਵੀ ਪੜ੍ਹੋ: ਅਣਖ ਖ਼ਾਤਰ ਕੀਤੇ ਕਤਲ ਮਾਮਲੇ 'ਚ ਲੜਕੀ ਦਾ ਪਿਤਾ ਗੁਰਜੀਤ ਸਿੰਘ ਗ੍ਰਿਫ਼ਤਾਰ
ਇਸ ਸਬੰਧੀ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਯੂਕੇ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੂੰ ਉਜਾੜਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਲੋਂ ਸਿੱਖਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ। ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਕਾਰਵਾਈ ਦੌਰਾਨ ਦੁਕਾਨ ਦਾ ਸਾਰਾ ਸਾਮਾਨ ਖੁਰਦ-ਬੁਰਦ ਕਰ ਦਿਤਾ ਗਿਆ, ਇਸ ਦੇ ਨਾਲ ਹੀ ਗੁਟਕਾ ਸਾਹਿਬ ਦੀ ਬੇਅਦਬੀ ਵੀ ਹੋਈ। ਇਸ ਬੇਅਦਬੀ ਲਈ ਧਾਮੀ ਸਾਹਬ ’ਤੇ ਧਾਰਾ 295ਏ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਲਾਹ ਦਿਤਾ ਜਾਂਦਾ ਹੈ, ਉਸੇ ਤਰ੍ਹਾਂ ਇਹ ਕਬਜ਼ੇ ਕਰਨ ਵਿਚ ਲੱਗੇ ਹੋਏ ਹਨ। ਸੁੱਕੇ ਪਰਸ਼ਾਦਿਆਂ ਵਿਚ ਘਪਲੇ ਬਾਰੇ ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੂੰ ਇਨ੍ਹਾਂ ਬੇਨਿਯਮੀਆਂ ਲਈ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।