ਭਾਵੇਂ 1 ਦਸੰਬਰ 2005 ਤੋਂ ਹੀ ਅਕਾਲੀ ਦਲ ਬਾਦਲ ਖ਼ਾਸਕਰ ਬਾਦਲ ਪਰਿਵਾਰ ਵਲੋਂ 'ਰੋਜ਼ਾਨਾ ਸਪੋਕਸਮੈਨ' ਖਿਲਾਫ ਆਰਥਿਕ ਨਾਕਾਬੰਦੀ, ਕੂੜ ਪ੍ਰਚਾਰ, ਛੇਕੂਨਾਮੇ, ਫਤਵੇ........
ਕੋਟਕਪੂਰਾ : ਭਾਵੇਂ 1 ਦਸੰਬਰ 2005 ਤੋਂ ਹੀ ਅਕਾਲੀ ਦਲ ਬਾਦਲ ਖ਼ਾਸਕਰ ਬਾਦਲ ਪਰਿਵਾਰ ਵਲੋਂ 'ਰੋਜ਼ਾਨਾ ਸਪੋਕਸਮੈਨ' ਖਿਲਾਫ ਆਰਥਿਕ ਨਾਕਾਬੰਦੀ, ਕੂੜ ਪ੍ਰਚਾਰ, ਛੇਕੂਨਾਮੇ, ਫਤਵੇ, ਝੂਠੇ ਮਾਮਲੇ ਆਦਿਕ ਦਾ ਸਿਲਸਿਲਾ ਲਗਾਤਾਰ ਆਰੰਭਿਆ ਹੋਇਆ ਸੀ ਅਤੇ ਸਪੋਕਸਮੈਨ ਅਖਬਾਰ ਨੂੰ ਬੰਦ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਪਰ ਹੁਣ 7 ਅਕਤੂਬਰ ਦੀ ਪਟਿਆਲਾ ਰੈਲੀ ਵਿਖੇ ਸੁਖਬੀਰ ਸਿੰਘ ਬਾਦਲ ਵਲੋਂ 'ਰੋਜ਼ਾਨਾ ਸਪੋਕਸਮੈਨ' ਅਖਬਾਰ ਨਾ ਪੜ੍ਹਨ ਅਤੇ 'ਸਪੋਕਸਮੈਨ ਟੀਵੀ ਚੈਨਲ' ਨਾ ਦੇਖਣ ਦੇ ਜਾਰੀ ਕੀਤੇ ਫਤਵੇ ਨੂੰ ਮੀਡੀਆ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਗਰਦਾਨਿਆ ਜਾ ਰਿਹਾ ਹੈ।
ਸੱਤਾਧਾਰੀ ਧਿਰ ਦੇ ਇਕ ਕੈਬਨਿਟ ਮੰਤਰੀ ਸਮੇਤ ਕੁੱਲ 5 ਵਿਧਾਇਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨ ਦੀ ਨਸੀਅਤ ਦਿੰਦਿਆਂ ਆਖਿਆ ਕਿ ਹੁਣ ਉਹ ਦਿਨ ਲੰਘ ਗਏ ਜਦੋਂ ਬਾਦਲਾਂ ਨੇ ਆਪਣੀਆਂ ਮਨਮਰਜ਼ੀਆਂ ਚਲਾਈਆਂ ਪਰ ਹੁਣ ਬਾਦਲਾਂ ਵਲੋਂ ਹੱਥਾਂ ਨਾਲ ਦਿਤੀਆਂ ਗੰਢਾਂ ਖੁਦ ਨੂੰ ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ।
ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਮੇਤ 4 ਹੋਰ ਸੀਨੀਅਰ ਵਿਧਾਇਕਾਂ ਕ੍ਰਮਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਦਰਸ਼ਨ ਸਿੰਘ ਬਰਾੜ, ਡਾ. ਹਰਜੋਤ ਕਮਲ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਸਪੋਕਸਮੈਨ ਸਮੇਤ ਸਮੁੱਚੇ ਮੀਡੀਏ ਦੀ ਅਜਾਦੀ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ ਆਖਿਆ ਕਿ ਅਜੇ ਵੀ ਬਾਦਲਾਂ ਤੇ ਹੋਰ ਅਕਾਲੀਆਂ ਨੂੰ ਆਪਣਾ ਰਵੱਈਆ ਬਦਲ ਲੈਣਾ ਚਾਹੀਦਾ ਹੈ ਨਹੀਂ ਤਾਂ ਇਸ ਦਾ ਖਮਿਆਜਾ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਕਿਹੜਾ ਅਖਬਾਰ ਪੜਨਾ ਹੈ ਅਤੇ ਕਿਸ ਟੀਵੀ ਚੈਨਲ ਨੂੰ ਦੇਖਣਾ ਹੈ ਇਸ ਦਾ ਫੈਸਲਾ ਕਰਨ ਦਾ ਸੂਝਵਾਨ ਲੋਕਾਂ ਅਰਥਾਤ ਪਾਠਕਾਂ ਕੋਲ ਅਧਿਕਾਰ ਰਾਖਵਾਂ ਹੁੰਦਾ ਹੈ। ਲੋਕਤੰਤਰ 'ਚ ਕਿਸੇ ਉੱਪਰ ਤਾਨਾਸ਼ਾਹੀ ਹੁਕਮ ਠੋਸਣਾ ਬਿਲਕੁੱਲ ਵਾਜਬ ਨਹੀਂ। ਉਨ੍ਹਾਂ ਯਾਦ ਕਰਾਇਆ ਕਿ ਇਸ ਤਰ੍ਹਾਂ ਜਨਤਕ ਤੌਰ 'ਤੇ ਮੀਡੀਏ ਦੀ ਅਜ਼ਾਦੀ ਖਿਲਾਫ ਬੋਲਣਾ ਕਾਨੂੰਨੀ ਜੁਰਮ ਵੀ ਹੈ।