ਮਨੀ ਲਾਂਡਰਿੰਗ ਮਾਮਲੇ ’ਚ ਟੀਐਮਸੀ ਦੇ ਸਾਬਕਾ ਸਾਂਸਦ ਕੇਡੀ ਸਿੰਘ ਗ੍ਰਿਫ਼ਤਾਰ
ਨਵੀਂ ਦਿੱਲੀ, 13 ਜਨਵਰੀ: ਪਛਮੀ ਬੰਗਾਲ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਦਿਗ਼ਜ਼ ਆਗੂ ਕੇ.ਡੀ. ਸਿੰਘ ਵਿਰੁਧ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਕੇਡੀ ਸਿੰਘ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਉਸ ਨੂੰ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਦੀ ਰਾਊਜ ਐਵੀਨਿਊ ਕੋਰਟ ਨੇ ਕੇਡੀ ਸਿੰਘ ਨੂੰ 16 ਜਨਵਰੀ ਤਕ ਈਡੀ ਹਿਰਾਸਤ ਵਿਚ ਭੇਜ ਦਿਤਾ ਹੈ। ਸਾਬਕਾ ਟੀਐਮਸੀ ਸੰਸਦ ਮੈਂਬਰ ਵਿਰੁਧ ਮਨੀ ਲਾਂਡਰਿੰਗ ਤਹਿਤ ਕੇਸ ਦਰਜ ਕੀਤਾ ਹੈ। ਸਿੰਘ ਦੀ ਕੰਪਨੀ ਐਲਕੈਮਿਸਟ ਇਨਫ਼ਰਾ ਰਿਆਲਿਟੀ ਲਿਮਟਿਡ ’ਤੇ ਲੋਕਾਂ ਨੂੰ ਕਰੀਬ 1900 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼ ਹੈ। ਸਤੰਬਰ 2019 ਵਿਚ ਕੇਂਦਰੀ ਜਾਂਚ ਏਜੰਸੀ ਨੇ ਸਿੰਘ ਅਤੇ ਉਸ ਨਾਲ ਜੁੜੇ ਲੋਕਾਂ ਦੇ ਅਹਾਤੇ ਵਿਚ ਤਲਾਸ਼ੀ ਲਈ। ਏਜੰਸੀ ਨੇ ਇਥੋਂ 239 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਇਨਫ਼ੋਰਸਮੈਂਟ ਡਾਇਰੈਕਟੋਰੇਟ ਅਨੁਸਾਰ, ਟੀਐਮਸੀ ਦੇ ਸੰਸਦ ਮੈਂਬਰ ਨੇ ਉਨ੍ਹਾਂ ਦੀਆਂ ਕੰਪਨੀਆਂ ਵਲੋਂ ਨਿਵੇਸ਼ ਦੇ ਨਾਮ ’ਤੇ ਹਜ਼ਾਰਾਂ ਗਾਹਕਾਂ ਤੋਂ ਵੱਡੀ ਰਕਮ ਇਕੱਠੀ ਕੀਤੀ ਅਤੇ ਗਾਹਕਾਂ ਨੂੰ ਇਹ ਕਹਿੰਦੇ ਹੋਏ ਲਾਲਚ ਦਿਤਾ ਕਿ ਉਨ੍ਹਾਂ ਨੂੰ ਉੱਚਿਤ ਰਿਟਰਨ ਮਿਲੇਗੀ। (ਪੀਟੀਆਈ)