
ਬੇਅਦਬੀ ਅਤੇ ਗੋਲੀਕਾਂਡ ਮਾਮਲੇ ਵਿਚ ਜਲਦੀ ਹੋਵੇ ਚਲਾਨ ਪੇਸ਼ : ਪ੍ਰਤਾਪ ਸਿੰਘ ਬਾਜਵਾ
ਕੈਪਟਨ ਸਰਕਾਰ ਕੋਲ ਬਾਕੀ ਬਚਿਆ 30 ਦਿਨ ਦਾ ਸਮਾਂ, ਉਕਤ ਮਾਮਲਿਆਂ ਵਿਚ ਬਾਦਲਾਂ ਦੀ ਸ਼ਮੂਲੀਅਤ ਆਵੇਗੀ ਸਾਹਮਣੇ
ਸੁਨਾਮ ਊਧਮ ਸਿੰਘ ਵਾਲਾ, 13 ਜੂਨ (ਦਰਸ਼ਨ ਸਿੰਘ ਚੌਹਾਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਦੀ ਪੜਤਾਲ ਕਰ ਰਹੀ ਨਵੀਂ ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਤਿੰਨ ਮੈਂਬਰੀ ਸਿਟ ਗੰਭੀਰਤਾ ਨਾਲ ਪੜਤਾਲ ਕਰ ਕੇ ਉਕਤ ਮਾਮਲਿਆਂ ਵਿਚ ਸ਼ਾਮਲ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਜਲਦੀ ਚਲਾਨ ਪੇਸ਼ ਕਰੇ ਤਾਂ ਜੋ ਛੇ ਸਾਲ ਤੋਂ ਇੰਤਜ਼ਾਰ ਵਿਚ ਬੈਠੇ ਸਮੁੱਚੇ ਪੰਜਾਬੀ ਜਗਤ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਬੇਅਦਬੀ ਅਤੇ ਗੋਲੀਕਾਂਡ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਸ਼ਮੂਲੀਅਤ ਸੌ ਫ਼ੀ ਸਦੀ ਸਾਹਮਣੇ ਆਵੇਗੀ। ਉਨ੍ਹਾਂ ਸਰਕਾਰ ਅਤੇ ਸਿੱਟ ਨੂੰ ਸਮਾਂ ਬਰਬਾਦ ਨਾ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਵਿਚ ਕੁੰਵਰ ਵਿਜੇਪ੍ਰਤਾਪ ਸਿੰਘ ਨੇ ਪਹਿਲਾਂ ਹੀ ਸਾਰੇ ਬਿਆਨ ਕਲਮਬੰਦ ਕੀਤੇ ਹੋਏ ਹਨ, ਅਦਾਲਤ ਵਿਚ ਜਲਦੀ ਚਲਾਨ ਪੇਸ਼ ਕਰ ਕੇ ਪੰਜਾਬੀ ਜਗਤ ਅਤੇ ਗੋਲੀਕਾਂਡ ਵਿਚ ਸ਼ਹੀਦ ਹੋਏ ਵਿਅਕਤੀਆਂ ਦੇ ਪਰਵਾਰਾਂ ਇਨਸਾਫ਼ ਦਿਤਾ ਜਾਵੇ।
ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕਿਹਾ ਕਿ ਮੇਰੇ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਉਕਤ ਦੋਵੇਂ ਮਾਮਲਿਆਂ ਵਿਚ ਕਾਰਵਾਈ ਕਰਨ ਲਈ 45 ਦਿਨ ਦਾ ਸਮਾਂ ਦਿਤਾ ਗਿਆ ਸੀ ਜਿਸ ਵਿਚੋਂ 15 ਦਿਨ ਬੀਤ ਗਏ ਹਨ। ਉਨ੍ਹਾਂ ਕਿਹਾ ਕਿ ਰਹਿੰਦੇ 30 ਦਿਨਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਵਿਚ ਸ਼ਾਮਲ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਕੋਰਟ ਵਿਚ ਚਲਾਨ ਪੇਸ਼ ਕੀਤਾ ਜਾਵੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮਾਣਯੋਗ ਅਦਾਲਤ ਨੂੰ ਬੇਨਤੀ ਕਰੇ ਕਿ ਉਕਤ ਮਾਮਲਿਆਂ ਦੀ ਸੁਣਵਾਈ ਹਫ਼ਤੇ ਵਿਚ ਲਗਾਤਾਰ ਪੰਜ ਦਿਨ ਕਰ ਕੇ ਜਲਦੀ ਫ਼ੈਸਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿਚ ਕਿਸੇ ਕਿਸਮ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਜੇਕਰ ਉਕਤ ਮਾਮਲਿਆਂ ਵਿਚ ਅਸਲ ਕਥਿਤ ਦੋਸ਼ੀ ਬਚ ਗਏ ਤਾਂ ਅਜਿਹਾ ਵਰਤਾਰਾ ਸਾਡੇ ਸਾਰਿਆਂ ਲਈ ਸ਼ਰਮਨਾਕ ਹੋਵੇਗਾ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਅੰਦਰ ਪਏ ਖਿਲਾਰੇ ਬਾਰੇ ਪੁੱਛੇ ਜਾਣ ’ਤੇ ਕੁੱਝ ਕਹਿਣ ਤੋਂ ਬਚਦੇ ਰਹੇ ਸਿਰਫ਼ ਇੰਨਾ ਹੀ ਕਿਹਾ ਕਿ ਜੋ ਫ਼ੈਸਲਾ ਕਾਂਗਰਸ ਦੀ ਕੇਂਦਰੀ ਹਾਈ ਕਮਾਨ ਵਲੋਂ ਗਠਤ ਤਿੰਨ ਮੈਂਬਰੀ ਕਮੇਟੀ ਸੁਣਾਵੇਗੀ ਉਹ ਹੀ ਪ੍ਰਵਾਨ ਹੋਵੇਗਾ। ਇਸ ਮੌਕੇ ਨਵਦੀਪ ਸਿੰਘ ਮੋਖਾ, ਜਗਦੇਵ ਸਿੰਘ ਦੌਲਾ ਸਿੰਘ ਵਾਲਾ, ਨਿਸ਼ਾਨ ਸਿੰਘ ਟੋਨੀ ਅਤੇ ਹੋਰ ਆਗੂ ਹਾਜ਼ਰ ਸਨ।
ਫੋਟੋ-ਸੁਨਾਮ ਵਿਖੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਫੋਟੋ ਚੌਹਾਨ।
ਫਾਈਲ-13-ਸੁਨਾਮ-01--ਬਾਜਵਾ