
ਕਿਹਾ- ਸਿੱਖ 12 ਵਜੇ ਇੱਜ਼ਤਾਂ ਬਚਾ ਕੇ ਲਿਆਉਂਦੇ ਸਨ
ਸੁਨਾਮ (ਚਰਨਜੀਤ ਸਿੰਘ ਸੁਰਖ਼ਾਬ): ਭਾਜਪਾ ਆਗੂ ਕਿਰਨ ਬੇਦੀ ਵੱਲੋਂ ਸਿੱਖਾਂ ਨੂੰ ਲੈ ਕੇ ਦਿੱਤੇ ਗਏ ਇਤਰਾਜ਼ਯੋਗ ਬਿਆਨ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ| ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਭਾਜਪਾ ਆਗੂ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਅਮਨ ਅਰੋੜਾ ਦਾ ਕਹਿਣਾ ਹੈ ਕਿ ਕਿਰਨ ਬੇਦੀ ਦਾ ਬਿਆਨ ਭਾਜਪਾ ਦੀ ਘੱਟ ਗਿਣਤੀਆਂ ਪ੍ਰਤੀ ਸੌੜੀ ਸੋਚ ਦਾ ਦਿਖਾਵਾ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਭਾਜਪਾ ਆਗੂ ਕਿਰਨ ਬੇਦੀ ਵੱਲੋਂ ਇੱਕ ਕਿਤਾਬ ਦੀ ਘੁੰਡ ਚੁਕਾਈ ਮੌਕੇ ਸਿੱਖਾਂ ਪ੍ਰਤੀ ਮਜ਼ਾਕੀਆ ਟਿੱਪਣੀ ਕੀਤੀ ਗਈ| ਕਿਤਾਬ ਦੀ ਘੁੰਡ ਚੁਕਾਈ ਬਾਰੇ ਬੋਲਦੇ ਹੋਏ ਕਿਰਨ ਬੇਦੀ ਨੇ ਕਿਹਾ ਕਿ 12 ਵਜੇ ਕਿਤਾਬ ਜਾਰੀ ਕੀਤੀ ਜਾਵੇਗੀ, ਕੋਈ ਸਰਦਾਰ ਜੀ ਤਾਂ ਨਹੀਂ ਬੈਠੇ| ਇਸ ਟਿੱਪਣੀ ਤੋਂ ਬਾਅਦ ਕਿਰਨ ਬੇਦੀ ਨੇ ਹੱਸ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ | ਜਿਸ ਤੋਂ ਬਾਅਦ ਸਿੱਖ ਕੌਮ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ |
ਇਸ ਬਿਆਨ ਤੋਂ ਭਾਜਪਾ ਇਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ| ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਭਾਜਪਾ ਆਗੂ ਦੇ ਇਸ ਬਿਆਨ ਨੂੰ ਨਿੰਦਣਯੋਗ ਦੱਸਿਆ| ਵਿਧਾਇਕ ਦੇ ਮੁਤਾਬਿਕ ਸਿੱਖਾਂ ਨਾਲ ਜੁੜੀਆਂ 12 ਵਜੇ ਦੀਆਂ ਕਹਾਣੀਆਂ ਨੇ ਧੀਆਂ-ਭੈਣਾਂ ਦੀ ਇੱਜ਼ਤ ਬਚਾਈ ਹੈ ਤੇ ਭਾਜਪਾ ਆਗੂ ਦੇ ਇਸ ਬਿਆਨ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ ਹੈ |ਵਿਧਾਇਕ ਨੇ ਕਿਹਾ ਕਿ 12 ਵਜੇ ਸਿੱਖ ਇੱਜ਼ਤਾਂ ਬਚਾ ਕੇ ਲਿਆਉਂਦੇ ਸਨ। ਅਮਨ ਅਰੋੜਾ ਨੇ ਕਿਹਾ ਕਿ ਇਸ ਬਿਆਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਲੱਗੀ ਹੈ ਤੇ ਕਿਰਨ ਬੇਦੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ|
ਇਸ ਤੋਂ ਇਲਾਵਾ ਵਿਧਾਇਕ ਅਮਨ ਅਰੋੜਾ ਨੇ ਮੁਅੱਤਲ ਭਾਜਪਾ ਆਗੂ ਨੁਪੁਰ ਸ਼ਰਮਾ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਜਪਾ ਆਗੂ ਦੇਸ਼ ਵਿੱਚ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੇ ਹਨ | ਨੁਪੁਰ ਸ਼ਰਮਾ ਦੇ ਬਿਆਨ ਨਾਲ ਵਿਦੇਸ਼ਾਂ ਵਿੱਚ ਭਾਰਤੀਆਂ ਲਈ ਮੁਸ਼ਕਿਲਾਂ ਵਧੀਆਂ ਹਨ | ਵਿਧਾਇਕ ਨੇ ਅਪੀਲ ਕੀਤੀ ਕਿ ਸਮਾਂ ਬਹੁਤ ਹੀ ਨਾਜ਼ੁਕ ਹੈ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਨਫ਼ਰਤ ਫੈਲਾਉਣ ਵਾਲੇ ਬਿਆਨਾਂ ਤੋਂ ਭਾਜਪਾ ਆਗੂਆਂ ਨੂੰ ਪਰਹੇਜ ਕਰਨਾ ਚਾਹੀਦਾ ਹੈ |