
ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਦੀ ਲੰਮੀ ਉਡੀਕ ਨੂੰ ਖਤਮ ਕਰਦੇ ਐਲਾਨ ਕੀਤਾ ਕਿ 15 ਅਕਤੂਬਰ ਨੂੰ ਬੀਆਰਟੀਐਸ ਪ੍ਰਾਜੈਕਟ ਦਾ ਉਦਘਾਟਨ......
ਚੰਡੀਗੜ੍ਹ/ਅੰਮ੍ਰਿਤਸਰ : ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਦੀ ਲੰਮੀ ਉਡੀਕ ਨੂੰ ਖਤਮ ਕਰਦੇ ਐਲਾਨ ਕੀਤਾ ਕਿ 15 ਅਕਤੂਬਰ ਨੂੰ ਬੀਆਰਟੀਐਸ ਪ੍ਰਾਜੈਕਟ ਦਾ ਉਦਘਾਟਨ ਕਰ ਦਿੱਤਾ ਜਾਵੇਗਾ। ਅੱਜ ਇਸ ਪ੍ਰਾਜੈਕਟ ਦੇ ਮੁੱਦੇ 'ਤੇ ਉਚ ਪੱਧਰੀ ਮੀਟਿੰਗ ਕਰਨ ਅਤੇ ਪ੍ਰਾਜੈਕਟ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲੈਣ ਮਗਰੋਂ ਸ. ਸਿੱਧੂ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਨੂੰ ਲੀਹ 'ਤੇ ਪਾਉਣ ਲਈ ਮੁੱਖ ਮੰਤਰੀ ਨੇ ਝੰਡੀ ਦੇ ਦਿੱਤੀ ਸੀ ਅਤੇ ਅਸੀਂ ਸਾਰੇ ਇਸ ਨੂੰ ਸਫਲ ਕਰਨ ਲਈ ਪੂਰੀ ਵਾਹ ਲਾ ਰਹੇ ਹਾਂ।
ਉਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਪਹਿਲੇ ਤਿੰਨ ਮਹੀਨੇ ਇਹ ਬੱਸਾਂ ਸਾਰਿਆਂ ਲਈ ਮੁਫਤ ਸਫਰ ਦੀ ਸਹੂਲਤ ਦੇਣਗੀਆਂ ਅਤੇ ਸਕੂਲ ਵਿਦਿਆਰਥੀਆਂ ਨੂੰ ਇਹ ਸਹੂਲਤ ਸਦਾ ਵਾਸਤੇ ਜਾਰੀ ਰਹੇਗੀ। ਅੱਜ ਦੀ ਮੀਟਿੰਗ ਵਿਚ ਸਿੱਖਿਆ ਤੇ ਵਾਤਾਵਰਣ ਮੰਤਰੀ ਸ੍ਰੀ ਓ. ਪੀ. ਸੋਨੀ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਪ੍ਰਿੰਸੀਪਲ ਸਕੱਤਰ ਵਿਤ ਸ੍ਰੀ ਅਨੁਰਿਧ ਤਿਵਾੜੀ, ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀ ਹੁਸਨ ਲਾਲ, ਪੁਲਿਸ ਕਮਿਸ਼ਨਰ ਸ੍ਰੀ ਐਸ. ਸ੍ਰੀਵਾਸਤਵਾ,
ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸੋਨਾਲੀ ਗਿਰੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਨਜਾਇਜ਼ ਕਾਲੋਨੀਆਂ ਬਾਲੇ ਪੁੱਛੇ ਜਾਣ 'ਤੇ ਸ. ਸਿੱਧੂ ਨੇ ਕਿਹਾ ਕਿ ਕੈਬਨਿਟ ਵਿਚ ਵੰਨ ਟਾਇਮ ਸੈਟਲਮੈਂਟ ਦਾ ਕੇਸ ਵਿਚਾਰਿਆ ਜਾਵੇਗਾ, ਪਰ 31 ਮਾਰਚ ਤੋਂ ਬਾਅਦ ਹੋਈ ਕੋਈ ਵੀ ਨਾਜ਼ਾਇਜ਼ ਉਸਾਰੀ ਨੂੰ ਇਸ ਵਿਚ ਰਾਹਤ ਨਹੀਂ ਦਿੱਤੀ ਜਾਵੇਗੀ।