
ਕਤਲੇਆਮ ’ਚ ਮਾਤਾ ਭਾਗੋ ਦੇ ਪਰਵਾਰ ਸਮੇਤ 80 ਹੋਰ ਮੈਂਬਰ ਹੋ ਗਏ ਸਨ ਕਤਲ
ਕੋਟਕਪੂਰਾ, 13 ਜੁਲਾਈ (ਗੁਰਿੰਦਰ ਸਿੰਘ) : ਭਾਵੇਂ 1947 ’ਚ ਭਾਰਤ-ਪਾਕਿ ਵੰਡ ਮੌਕੇ ਹੋਏ ਕਤਲੇਆਮ ਨੂੰ ਅਪਣੇ ਪਿੰਡੇ ’ਤੇ ਹੰਢਾਉਣ ਜਾਂ ਅੱਖੀਂ ਵੇਖਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾ ਰਹੀ ਹੈ ਤੇ ਕੁੱਝ ਟਾਂਵੇ-ਟਾਂਵੇ ਮਰਦ/ਔਰਤਾਂ ਹੀ ਬਚੇ ਹਨ, ਜੋ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਉਕਤ ਤਰਾਸਦੀ ਬਾਰੇ ਦੱਸ ਸਕਦੇ ਹਨ।
ਨੇੜਲੇ ਪਿੰਡ ਬੁਰਜ ਹਰੀਕਾ ਵਿਖੇ ਮੁਸਲਿਮ ਪਰਵਾਰ ਨਾਲ ਸਬੰਧਤ 93 ਸਾਲਾ ਬਜ਼ੁਰਗ ਔਰਤ ਮਾਤਾ ਭਾਗੋ ਅਪਣੇ ਹਸਦੇ-ਵਸਦੇ ਪਰਵਾਰ ਨਾਲ ਅੱਜ ਵੀ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਰਹੀ ਹੈ ਪਰ 1947 ਦੇ ਕਤਲੇਆਮ ਨੂੰ ਯਾਦ ਕਰ ਕੇ ਹੁਣ ਵੀ ਉਸ ਦੀਆਂ ਅੱਖਾਂ ਦਰਦ ਤੇ ਵਿਯੋਗ ਤੇ ਹੰਝੂਆਂ ਨਾਲ ਗਿੱਲੀਆਂ ਹੋ ਜਾਂਦੀਆਂ ਹਨ।
ਮਾਤਾ ਦਸਦੀ ਹੈ ਕਿ ਉਸ ਸਮੇਂ ਉਹ 20 ਸਾਲਾਂ ਦੀ ਉਮਰ ਦੀ ਭਰ ਜਵਾਨੀ ਵਾਲਾ ਸਮਾਂ ਹੰਢਾ ਰਹੀ ਸੀ ਜਦੋਂ ਉਨ੍ਹਾਂ ਦੇ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਵਿਖੇ ‘ਈਦ ਦੀ ਨਮਾਜ਼’ ਪੜ੍ਹ ਕੇ ਹਟੇ ਮੁਸਲਮਾਨਾਂ ਨੇ ਅਜੇ ਈਦ ਦੀ ਖੁਸ਼ੀ ’ਚ ਬਣਾਏ ਪਕਵਾਨ ਤਾਂ ਖਾਣੇ ਸਨ ਪਰ ਗੁਮਰਾਹ ਹੋਏ ਇਕੱਠ ਨੇ ਉਨ੍ਹਾਂ ਉਪਰ ਹਮਲਾ ਬੋਲ ਦਿਤਾ, ਅੱਖਾਂ ਦੇ ਸਾਹਮਣੇ ਉਸ ਦੇ ਸ਼ਰੀਕੇ ਸਮੇਤ ਵਸਦੇ ਵੱਡੇ ਪਰਵਾਰਾਂ ਦੇ 80 ਮੈਂਬਰਾਂ ਨੂੰ ਕਤਲ ਕਰ ਕੇ, ਜਵਾਨ ਲੜਕੀਆਂ ਨੂੰ ਚੁੱਕ ਕੇ ਲੈ ਗਏ,
ਕਿਸੇ ਭਲੇ ਪੁਰਸ਼ ਨੇ ਮਾਤਾ ਭਾਗੋ ਸਮੇਤ ਕੁੱਝ ਹੋਰ ਮੁਸਲਿਮ ਲੜਕੀਆਂ ਦੀ ਜਾਨ ਬਚਾਈ, ਅਪਣਿਆਂ ਦੀਆਂ ਲਾਸ਼ਾਂ ਉਪਰੋਂ ਲੰਘ ਕੇ ਜਾਨ ਬਚਾਉਣ ਲਈ ਭੱਜੀ ਮਾਤਾ ਭਾਗੋ ਦੀਆਂ ਅੱਖਾਂ ਇਹ ਤ੍ਰਾਸਦੀ ਬਿਆਨ ਕਰਨ ਮੌਕੇ ਇਕ ਵਾਰ ਫਿਰ ਛਲਕ ਪਈਆਂ। ਮਾਤਾ ਨੇ ਦਸਿਆ ਕਿ ਉਸ ਦਾ ਸਿਰਫ਼ ਦੋ ਸਾਲ ਦਾ ਮਾਸੂਮ ਭਰਾ ਤੇ ਉਹ ਖ਼ੁਦ ਹਸਦੇ ਵਸਦੇ ਪਰਵਾਰ ’ਚੋਂ ਦੋ ਮੈਂਬਰ ਹੀ ਸਲਾਮਤ ਬਚ ਸਕੇ।
ਮਾਤਾ ਭਾਗੋ ਮੁਤਾਬਕ ਸ਼ਰਾਰਤੀ ਅਨਸਰਾਂ ਵਲੋਂ ਫੈਲਾਈਆਂ ਝੂਠੀਆਂ ਅਫ਼ਵਾਹਾਂ ਅਤੇ ਗੁਮਰਾਹਕੁਨ ਪ੍ਰਚਾਰ ਕਾਰਨ ਭੈਣ-ਭਰਾਵਾਂ ਦੀ ਤਰ੍ਹਾਂ ਜੀਵਨ ਬਤੀਤ ਕਰ ਰਹੇ ਮੁਸਲਿਮ ਪਰਵਾਰਾਂ ਨੂੰ ਜਾਨ ਬਚਾਉਣੀ ਔਖੀ ਹੋ ਗਈ। ਮਾਤਾ ਨੇ ਦਸਿਆ ਕਿ ਉਸ ਤੋਂ ਬਾਅਦ ਕਈ ਸਾਲਾਂ ਤਕ ਹਿੰਦੂ-ਮੁਸਲਿਮ-ਸਿੱਖ ਸਮੇਤ ਅਨੇਕਾਂ ਛੋਟੀਆਂ ਵੱਡੀਆਂ ਜਾਤ ਬਰਾਦਰੀ ਦੀਆਂ ਖੁਸ਼ੀਆਂ ਖ਼ਤਮ ਰਹੀਆਂ, ਵਿਆਹ-ਸ਼ਾਦੀ ਜਾਂ ਹੋਰ ਖੁਸ਼ੀ ਦੇ ਸਮਾਗਮਾਂ ਮੌਕੇ ਵੀ ਮਾਤਮ ਛਾਇਆ ਰਹਿੰਦਾ, ਕਿਉਂਕਿ ਅਪਣਿਆਂ ਦੀ ਤਨਹਾਈ, ਵਿਯੋਗ, ਬਿਰਹਾ ਅਤੇ ਅੱਖੀਂ ਕਤਲ ਹੁੰਦੇ ਤੱਕੇ ਅਪਣੇ ਭੁਲਾਏ ਨਾ ਜਾ ਸਕੇ।
ਮਾਤਾ ਨੇ ਨੇੜਲੇ ਪਿੰਡ ਮੱਲਕੇ ਦੇ ਮੁਸਲਿਮ ਪਰਵਾਰਾਂ ਵਲੋਂ ਹੰਢਾਏ ਜੁਲਮਾਂ ਦੀ ਦਾਸਤਾਨ ਬਿਆਨ ਕਰਦਿਆਂ ਦਸਿਆ ਕਿ ਪਿੰਡ ਮੱਲਕੇ ਦੇ ਵਸਨੀਕਾਂ ਨੇ ਮੁਸਲਿਮ ਪਰਵਾਰਾਂ ਨੂੰ ਜਾਨ ਬਚਾਉਣ ਲਈ ਇਕੋ ਥਾਂ ਇਕੱਠੇ ਹੋਣ ਦਾ ਹੌਕਾ ਦੇ ਦਿਤਾ, ਮੁਸਲਿਮ ਪਰਵਾਰ ਅਪਣੇ ਮਾਸੂਮ ਬੱਚਿਆਂ ਤੇ ਬਜ਼ੁਰਗਾਂ ਨੂੰ ਲੈ ਕੇ ਇਕ ਥਾਂ ਇਕੱਠੇ ਹੋ ਗਏ ਪਰ ਸ਼ਰਾਰਤੀ ਅਨਸਰਾਂ ਨੇ ਤੇਲ ਛਿੜਕ ਕੇ ਸਾਰਿਆਂ ਨੂੰ ਅੱਗ ਲਾ ਦਿਤੀ, ਵੇਖਦਿਆਂ ਹੀ ਵੇਖਦਿਆਂ ਲਗਭਗ 250 ਮੁਸਲਿਮ ਮਰਦ/ਔਰਤਾਂ, ਬਜੁਰਗਾਂ, ਨੌਜਵਾਨਾਂ ਤੇ ਬੱਚਿਆਂ ਦੀਆਂ ਰੋਣ ਦੀਆਂ ਆਵਾਜ਼ਾਂ, ਹੂਕਾਂ ਅਤੇ ਕਿਲਕਾਰੀਆਂ ਨਾਲ ਅਸਮਾਨ ਵੀ ਰੋ ਪਿਆ।
ਕਿਸੇ ਕੋਲ ਕੱਖ ਨਾ ਬਚਿਆ, ਸਿਰਫ਼ ਜਾਨ ਬਚਾਉਣੀ ਹੀ ਇਕੋ ਇਕ ਮਕਸਦ ਰਹਿ ਗਿਆ ਸੀ, ਅਪਣੀ ਜਾਨ ਬਚਾਉਂਦੀਆਂ-ਬਚਾਉਂਦੀਆਂ ਮਾਵਾਂ ਨੇ ਕੁੱਛੜ ਚੁੱਕੇ ਮਾਸੂਮ ਬੱਚਿਆਂ ਨੂੰ ਛੱਪੜਾਂ, ਖੂਹਾਂ ਜਾਂ ਨਾਲਿਆਂ ’ਚ ਸੁੱਟਣ ਤੋਂ ਗੁਰੇਜ ਨਾ ਕੀਤਾ। ਅਪਣੇ ਪਿਤਾ ਨਵਾਬ ਖਾਨ ਸ਼ਿਕਾਰੀ ਦਾ ਨਾਮ ਫ਼ਖਰ ਨਾਲ ਲੈਂਦਿਆਂ ਮਾਤਾ ਭਾਗੋ ਦਸਦੀ ਹੈ ਕਿ ਕਈ ਪਿੰਡਾਂ ’ਤੇ ਰੋਅਬ ਰੱਖਣ ਵਾਲਾ ਉਸ ਦਾ ਪਿਤਾ ਕਿਸੇ ਤਰੀਕੇ ਅਪਣੀ ਜਾਨ ਬਚਾ ਕੇ ਪਾਕਿਸਤਾਨ ਚਲਾ ਗਿਆ ਤੇ ਜਦੋਂ ਦੋ ਮਹੀਨਿਆਂ ਬਾਅਦ ਵਾਪਸ ਪਰਤਿਆ ਤਾਂ ਫਿਰ ਵੀ ਉਸ ਨੂੰ ਜਾਨ ਬਚਾਉਣੀ ਔਖੀ ਹੋ ਗਈ। ਮਾਤਾ ਦੇ ਕੁੱਝ ਦੂਰ ਦੇ ਰਿਸ਼ਤੇਦਾਰ ਅੱਜ ਵੀ ਪਾਕਿਸਤਾਨ ’ਚ ਰਹਿੰਦੇ ਹਨ, ਜਿਥੇ ਤਿੰਨ ਵਾਰ ਮਾਤਾ ਉਨ੍ਹਾਂ ਨੂੰ ਮਿਲ ਕੇ ਆਈ ਹੈ। ਉਹ ਅਪਣੇ ਬੱਚਿਆਂ ਤੋਂ ਇਲਾਵਾ ਸੱਸ, ਸਹੁਰੇ ਸਮੇਤ ਕੁੱਝ ਹੋਰ ਅਪਣਿਆਂ ਦੀਆਂ ਯਾਦਾਂ ਅੱਜ ਵੀ ਦਿਲ ’ਚ ਸਮੋਈ ਬੈਠੀ ਹੈ।