
ਪੰਜਾਬ ਤੇ ਹਰਿਆਣਾ ਵਿਚ ਛਾਈ ਸੰਘਣੀ ਧੁੰਦ ਦੀ ਚਾਦਰ
ਚੰਡੀਗੜ੍ਹ, 13 ਦਸੰਬਰ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਐਤਵਾਰ ਨੂੰ ਕੋਹਰਾ ਛਾਇਆ ਰਿਹਾ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿਤੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਪਠਾਨਕੋਟ ਅਤੇ ਭਿਵਾਨੀ ਸਣੇ ਕਈ ਥਾਵਾਂ ਉੱਤੇ ਸਵੇਰੇ ਧੁੰਦ ਦੀ ਮੋਟੀ ਚਾਦਰ ਛਾਈ ਰਹੀ। ਜ਼ਿਆਦਾਤਰ ਥਾਵਾਂ 'ਤੇ ਰਾਤ ਦਾ ਤਾਪਮਾਨ ਆਮ ਦੇ ਨੇੜੇ ਰਿਹਾ। ਵਿਭਾਗ ਨੇ ਦਸਿਆ ਕਿ ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਰਿਆਣਾ ਵਿਚ ਅੰਬਾਲਾ ਅਤੇ ਕਰਨਾਲ ਵਿਚ ਘੱਟੋ ਘੱਟ ਤਾਪਮਾਨ ਕ੍ਰਮਵਾਰ 11.1 ਅਤੇ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਿਵਾਨੀ ਅਤੇ ਨਾਰਨੌਲ ਦਾ ਮੌਸਮ ਰਾਤ ਨੂੰ ਬਹੁਤ ਠੰਢਾ ਰਿਹਾ ਅਤੇ ਘੱਟੋ ਘੱਟ ਤਾਪਮਾਨ ਕ੍ਰਮਵਾਰ 6.7 ਡਿਗਰੀ ਅਤੇ 7.3 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਦਸਿਆ ਕਿ ਪੰਜਾਬ ਵਿਚ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲੇ ਵਿਚ ਘੱਟੋ ਘੱਟ ਤਾਪਮਾਨ ਕ੍ਰਮਵਾਰ 8.3, 10.5 ਅਤੇ 11.3 ਡਿਗਰੀ ਸੈਲਸੀਅਸ ਰਿਹਾ, ਜਦਕਿ ਬਠਿੰਡਾ ਦਾ
ਘੱਟੋ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਐਤਵਾਰ ਨੂੰ ਸੰਘਣੀ ਧੁੰਦ ਨੇ ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਦਿੱਲੀ ਦੇ ਕਈ ਹਿੱਸਿਆਂ ਵਿਚ ਜਨ ਜੀਵਨ ਵਿਚ ਵਿਘਨ ਪਾ ਦਿਤਾ। ਕਈ ਥਾਵਾਂ 'ਤੇ ਧੁੰਦ ਇੰਨੀ ਸੰਘਣੀ ਸੀ ਕਿ ਕੁੱਝ ਮੀਟਰ ਤੋਂ ਅੱਗੇ ਨਜ਼ਰ ਨਹੀਂ ਸੀ ਆ ਰਿਹਾ। ਸੜਕਾਂ 'ਤੇ ਚਲਦੇ ਵਾਹਨ ਹੈਡ ਲਾਈਟਾਂ ਦਾ ਸਹਾਰਾ ਲੈਂਦੇ ਦਿਖਾਈ ਦਿਤੇ। ਧੁੰਦ ਕਾਰਨ ਕਈ ਥਾਵਾਂ 'ਤੇ ਟ੍ਰੈਫ਼ਿਕ ਵੀ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਮੁਤਾਬਕ ਸਨਿਚਰਵਾਰ ਨੂੰ ਹੋਈ ਬਾਰਸ਼ ਨੇ ਹਵਾ ਵਿਚ ਨਮੀ ਵਧਾ ਦਿਤੀ, ਜਿਸ ਕਾਰਨ 'ਸੰਘਣੀ ਧੁੰਦ' ਛਾਈ। ਦੁਪਹਿਰ ਤਕ ਸੂਰਜ ਨਹੀਂ ਵੇਖਿਆ ਜਾ ਸਕਿਆ। ਦਿੱਲੀ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਇਸ ਦਾ ਕਾਰਨ ਇਹ ਰਿਹਾ ਕਿ ਮੀਂਹ ਅਤੇ ਧੁੰਦ ਕਾਰਨ ਪਾਰਾ ਇਕਦਮ 8 ਡਿਗਰੀ ਤਕ ਡਿੱਗ ਪਿਆ ਤੇ ਠੰਢ ਵੀ ਵਧ ਗਈ।
ਜੇਕਰ ਮਾਲਵਾ ਪੱਟੀ ਦੀ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਸੰਘਣੀ ਧੁੰਦ ਛਾਈ ਰਹੀ ਤੇ ਕੁੱਝ ਸਮਾਂ ਛੱਡ ਸੂਰਜ ਦੇਵਤਾ ਦੇ ਦਰਸ਼ਨ ਦੁਰਲੱਭ ਹੋਏ ਰਹੇ। ਸੜਕਾਂ ਦੇ ਲੰਘਣ ਵਾਲੇ ਵਾਹਨਾਂ ਦੀ ਰਫ਼ਤਾਰ ਧੀਮੀ ਰਹੀ ਅਤੇ ਵਾਹਨ ਲਾਈਟਾਂ ਜਗਾ ਕਿ ਸੜਕਾਂ ਤੇ ਚਲਦੇ ਦੇਖੇ ਗਏ । ਪੇਂਡੂ ਖੇਤਰ ਵਿਚ ਖੇਤਾਂ ਦੀ ਵੱਟਾਂ ਤੇ ਕੋਹਰਾ ਵੀ ਦੇਖਿਆ ਗਿਆ। ਬੇਸ਼ੱਕ ਕਿਸਾਨ ਸੰਘਰਸ਼ ਚਲਦਾ ਹੋਣ ਕਾਰਨ ਜਿਆਦਾਤਰ ਕਿਸਾਨ ਦਿੱਲੀ ਚਲੇ ਗਏ ਹਨ ਪ੍ਰੰਤੂ ਬਾਕੀ ਰਹਿ ਗਏ ਲੋਕਾਂ ਨੇ ਠੰਢ ਤੋਂ ਬਚਣ ਲਈ ਧੂਣੀਆਂ ਦਾ ਦੌਰ ਸ਼ੁਰੂ ਕਰ ਲਿਆ ਹੈ। ਧੁੰਦ ਦਾ ਜ਼ਿਆਦਾ ਅਸਰ ਸਰਹੱਦੀ ਖੇਤਰਾਂ ਅੰਦਰ ਜ਼ਿਆਦਾ ਦੇਖਿਆ ਗਿਆ। ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਦੇ ਸਰਹੱਦੀ ਇਲਾਕਿਆਂ 'ਚ ਧੁੰਦ ਦੀ ਸੰਘਣੀ ਪਰਤ ਛਾਈ ਰਹੀ।
ਉਧਰ ਟ੍ਰੈਫ਼ਿਕ ਪੁਲਿਸ ਨੇ ਧੁੰਦ ਦੌਰਾਨ ਵਾਹਨਾਂ ਚਾਲਕਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਹੈ ਕਿਉਂÎਕ ਜ਼ਿਆਦਾਤਰ ਸੜਕ ਹਾਦਸੇ ਸਰਦੀ ਰੁੱਤ ਵਿਚ ਧੁੰਦ ਕਾਰਨ ਵਾਪਰਦੇ ਹਨ। ਇਸ ਲਈ ਵਾਹਨਾਂ ਚਾਲਕਾਂ ਨੂੰ ਧੁੰਦ ਵਿਚ ਹੌਲੀ ਚਲਣਾ ਚਾਹੀਦਾ ਹੈ ਅਤੇ ਅਪਣੇ ਵਾਹਨਾਂ ਦੀਆਂ ਲਾਈਟਾਂ ਠੀਕ ਰੱਖਣ ਅਤੇ ਜਗਾ ਕੇ ਰੱਖਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਅਪਣੇ ਵਾਹਨਾਂ ਪਿਛੇ ਰਿਫ਼ਲੈਕਟਰ ਵੀ ਲਗਾ ਰੱਖਣ। ਸਾਈਕਲ ਰਿਕਸ਼ਾ ਤੇ ਰੇਹੜੇ ਵਾਲਿਆਂ ਨੂੰ ਰਾਤ ਸਮੇਂ ਸਫ਼ਰ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਜੇ ਕਿਸੇ ਨੂੰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਉਹ ਸਫ਼ਰ ਸਮੇਂ ਅਪਣੇ ਨਾਲ ਟਾਰਚ ਜ਼ਰੂਰ ਰੱਖਣ। ਸਵੇਰੇ-ਸ਼ਾਮ ਸੈਰ ਕਰਨ ਵਾਲੇ ਖੇਡ ਮੈਦਾਨ ਜਾਂ ਉਨ੍ਹਾਂ ਸੜਕਾਂ 'ਤੇ ਸੈਰ ਕਰਨ ਜਿਥੇ ਵਾਹਨਾਂ ਦੀ ਆਵਾਜਾਈ ਬਹੁਤ ਘੱਟ ਹੋਵੇ। (ਪੀਟੀਆਈ)