
ਰਾਹੁਲ ਨੇ ਜੱਲੀਕੱਟੂ ਪ੍ਰੋਗਰਾਮ ’ਚ ਲਿਆ ਹਿੱਸਾ
ਕਿਹਾ, ਤਾਮਿਲ ਸਭਿਆਚਾਰ ਨੂੰ ਵੇਖਣਾ ਪਿਆਰਾ ਅਨੁਭਵ
ਮਦੁਰੈ, 14 ਜਨਵਰੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪੋਂਗਲ ਦੇ ਦਿਨ ਤਾਮਿਲਨਾਡੂ ਦਾ ਦੌਰਾ ਕੀਤਾ। ਇਸ ਦੌਰਾਨ ਮਦੁਰੈ ਪਹੁੰਚੇ ਰਾਹੁਲ ਨੇ ਅਵਨੀਪੁਰਮ ’ਚ ਜੱਲੀਕੱਟੂ ਪ੍ਰੋਗਰਾਮ ’ਚ ਹਿੱਸਾ ਲਿਆ। ਰਾਹੁਲ ਨੇ ਕਿਹਾ ਕਿ ਤਾਮਿਲ ਸਭਿਆਚਾਰ ਨੂੰ ਵੇਖਣਾ ਪਿਆਰਾ ਅਨੁਭਵ ਸੀ। ਮੈਨੂੰ ਖ਼ੁਸ਼ੀ ਹੈ ਕਿ ਜੱਲੀਕੱਟੂ ਸੁਰੱਖਿਅਤ ਤਰੀਕੇ ਨਾਲ ਕਰਵਾਇਾ ਜਾ ਰਿਹਾ ਹੈ, ਜਿਸ ’ਚ ਸਾਰੇ ਸੁਰੱਖਿਅਤ ਹਨ ਅਤੇ ਸਾਰਿਆਂ ਦਾ ਧਿਆਨ ਰਖਿਆ ਜਾ ਰਿਹਾ ਹੈ।
ਰਾਹੁਲ ਨੇ ਕਿਹਾ ਕਿ ਮੈਂ ਇਥੇ ਆਇਆ ਹਾਂ, ਕਿਉਂਕਿ ਮੈਨੂੰ ਲਗਦਾ ਹੈ ਕਿ ਤਾਮਿਲ ਸੰਸਕ੍ਰਿਤੀ, ਭਾਸ਼ਾ ਅਤੇ ਇਤਿਹਾਸ ਭਾਰਤ ਦੇ ਭਵਿੱਖ ਲਈ ਜ਼ਰੂਰੀ ਹੈ ਅਤੇ ਇਸ ਦਾ ਸਨਮਾਨ ਕਰਨ ਦੀ ਲੋੜ ਹੈ। ਮੈਂ ਇਥੇ ਉਨ੍ਹਾਂ ਲੋਕਾਂ ਨੂੰ ਇਕ ਸੰਦੇਸ਼ ਦੇਣ ਲਈ ਆਇਆ ਹਾਂ, ਜੋ ਸੋਚਦੇ ਹਨ ਕਿ ਉਹ ਤਾਮਿਲ ਲੋਕਾਂ ਤੋਂ ਵੱਧ ਦੌੜ ਸਕਦੇ ਹਨ, ਤਾਮਿਲ ਭਾਸ਼ਾ ਅਤੇ ਤਾਮਿਲ ਸਭਿਆਚਾਰ ਨੂੰ ਅੱਗੇ ਵਧਾ ਸਕਦੇ ਹਨ। ਦਰਅਸਲ, ਰਾਹੁਲ ਦਾ ਤਾਮਿਲਨਾਡੂ ਦੌਰਾ ਇਸ ਲਈ ਅਹਿਮ ਹੈ, ਕਿਉਂਕਿ ਇਸੇ ਸਾਲ ਸੂਬੇ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਸਾਲ ਅਪ੍ਰੈਲ-ਮਈ ’ਚ ਹੋਣ ਵਾਲੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ’ਚ ਦਰਮੁਕ ਅਤੇ ਕਾਂਗਰਸ ਵਿਚਾਲੇ ਗਠਜੋੜ ਦੀ ਸੰਭਾਵਨਾ ਹੈ। ਹਾਲ ਹੀ ’ਚ ਰਾਹੁਲ ਨਿਜੀ ਦੌਰੇ ’ਤੇ ਵਿਦੇਸ਼ ਗਏ ਸਨ ਅਤੇ ਉਹ ਪਿਛਲੇ ਦਿਨੀਂ ਵਾਪਸ ਆਏ ਹਨ। (ਏਜੰਸੀ)
ਵਿਦੇਸ਼ ਤੋਂ ਆਉਣ ਤੋਂ ਬਾਅਦ ਉਹ ਇਥੇ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ ’ਚ ਸ਼ਾਮਲ ਹੋਏ।
ਇਸ ਪ੍ਰੋਗਰਾਮ ’ਚ ਰਾਹੁਲ ਨਾਲ ਦਰਮੁਕ ਦੀ ਯੂਥ ਇਕਾਈ ਦੇ ਸਕੱਤਰ ਉਦੇਨਿਧੀ ਸਟਾਲਿਨ, ਕਾਂਗਰਸ ਦੇ ਸਗੰਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ.ਐੱਸ. ਅਲਾਗਿਰੀ ਅਤੇ ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਵੀ ਮੌਜੂਦ ਸੀ। ਅਲਾਗਿਰੀ ਨੇ ਕਿਹਾ ਸੀ ਕਿ ਰਾਹੁਲ ਦਾ ਦੌਰਾ ਕਿਸਾਨਾਂ ਅਤੇ ਤਾਮਿਲ ਸੰਸਕ੍ਰਿਤੀ ਨੂੰ ਸਨਮਾਨ ਦੇਣ ਲਈ ਹੈ। ਰਾਹੁਲ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅਪਣਾ ਨੈਤਿਕ ਸਮਰਥਨ ਦੇਣਗੇ।
ਕੀ ਹੁੰਦਾ ਹੈ ਜੱਲੀਕੱਟੂ: ਦਸਣਯੋਗ ਹੈ ਕਿ ਜੱਲੀਕੱਟੂ ਤਾਮਿਲਨਾਡੂ ਦੇ ਪੇਂਡੂ ਇਲਾਕਿਆਂ ਦਾ ਇਕ ਰਵਾਇਤੀ ਖੇਡ ਹੈ, ਜੋ ਪੋਂਗਲ ਤਿਉਹਾਰ ’ਤੇ ਕਰਵਾਇਆ ਜਾਂਦਾ ਹੈ। ਇਸ ’ਚ ਲੋਕ ਬਲਦਾਂ ਨੂੰ ਫੜਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਖੇਡ ਨੂੰ ਲੈ ਕੇ ਕਈ ਵਾਰ ਵਿਵਾਦ ਵੀ ਹੋ ਚੁਕਿਆ ਹੈ। (ਏਜੰਸੀ)
---------------------------------