
ਸਥਾਨਕ ਸ਼ਹਿਰ ਦੀ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਸੇਵਾ ਮੁਕਤ ਹੋਈ ਜਾਪ ਰਹੀ ਹੈ ਅਤੇ ਸ਼ਹਿਰ ਦੇ ਕੰਮਾਂ ਵੱਲ ਕੋਈ ਧਿਆਨ.....
ਭਗਤਾ ਭਾਈ ਕਾ: ਸਥਾਨਕ ਸ਼ਹਿਰ ਦੀ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਸੇਵਾ ਮੁਕਤ ਹੋਈ ਜਾਪ ਰਹੀ ਹੈ ਅਤੇ ਸ਼ਹਿਰ ਦੇ ਕੰਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇੱਕ ਪਾਸੇ ਤਾਂ ਕਿਸਾਨ ਬਿਜਲੀ ਪ੍ਰਾਪਤੀ ਲਈ ਧਰਨੇ ਲਗਾ ਰਹੇ ਹਨ ਤੇ ਦੂਜੇ ਪਾਸੇ ਨਗਰ ਪੰਚਾਇਤ ਵਲੋਂ ਦਿਨੇ ਜਗ ਰਹੀਆਂ ਲਾਈਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਸ਼ਹਿਰ ਦੀਆਂ ਬਹੁਤੀਆਂ ਲਾਈਟਾਂ ਤਾਂ ਰਾਤ ਵੇਲੇ ਵੀ ਨਹੀਂ ਜਗਦੀਆਂ ਪਰ ਜੋ ਜਗਦੀਆਂ ਹਨ ਉਹਨਾਂ ਨੂੰ ਦਿਨ ਵੇਲੇ ਵੀ ਬੰਦ ਕਰਨਾ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰ 'ਚ ਕੁਝ ਥਾਵਾਂ 'ਤੇ ਲੋਕਾਂ ਵਲੋਂ ਨਗਰ ਪੰਚਾਇਤ ਦੀ ਬਿਜਲੀ ਚੋਰੀ ਵੀ ਕੀਤੀ ਜਾ ਰਹੀ ਹੈ ਪਰ ਵੋਟ ਬੈਂਕ ਦੇ ਚਲਦਿਆਂ ਨਗਰ ਪੰਚਾਇਤ ਵਲੋਂ ਕੋਈ ਯੋਗ ਕਦਮ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ।
ਦੂਜੇ ਪਾਸੇ ਸ਼ਹਿਰ ਦੀ ਸੁਰੱਖਿਆ ਵੀ ਦਾਅ 'ਤੇ ਲੱਗੀ ਜਾਪ ਰਹੀ ਹੈ ਕਿਉਂਕਿ ਲੱਖਾਂ ਰੁਪਏ ਖਰਚ ਕਰਕੇ ਲਗਾਏ ਗਏ ਕੈਮਰੇ ਚਿੱਟਾ ਹਾਥੀ ਸਾਬਿਤ ਹੋ ਰਹੇ ਹਨ ਅਤੇ ਲੋੜ ਪੈਣ 'ਤੇ ਇਹਨਾਂ ਕੈਮਰਿਆਂ ਦਾ ਕੋਈ ਲਾਭ ਨਹੀਂ ਹੁੰਦਾਂ ਦਿਖਾਈ ਦਿੰਦਾਂ। ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਨਗਰ ਪੰਚਾਇਤ ਦੇ ਬਿਲਡਿੰਗ ਮੂਹਰੇ ਲੱਗੇ ਇਹ ਦੋ ਕੈਮਰੇ ਜਿਹਨਾਂ ਵਿੱਚੋਂ ਇੱਕ ਹੇਠਾਂ ਨੂੰ ਲਟਕ ਰਿਹਾ ਹੈ ਅਤੇ ਦੂਜਾ ਸਿੱਧਾ ਹਵਾ ਦੀ ਵੀਡਿਉ ਕਵਰੇਜ ਕਰਦਾ ਨਜਰ ਆ ਰਿਹਾ ਹੈ ਪਰ ਨਗਰ ਪੰਚਾਇਤ ਬਿਲਕੁਲ ਸੁਸਤ ਨਜਰ ਆ ਰਹੀ ਹੈ।
ਮਸਲੇ ਨੂੰ ਲੈ ਕੇ ਜਦੋਂ ਕਾਰਜ ਸਾਧਕ ਅਫਸਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਵਲੋਂ ਹਰ ਵਾਰ ਦੀ ਤਰਾਂ੍ਹ ਇਸ ਵਾਰ ਵੀ ਫੋਨ ਚੁੱਕਣਾ ਹੀ ਮੁਨਾਸਿਬ ਨਾ ਸਮਝਿਆ ਗਿਆ ਪਰ ਐਸ.ਡੀ.ਐਮ ਫੂਲ ਨਾਲ ਸੰਪਰਕ ਕਰਨ 'ਤੇ ਉਹਨਾਂ ਵਲੋਂ ਬੜੀ ਹੀ ਗੰਭੀਰਤਾ ਨਾਲ ਗੱਲ ਸੁਣਦੇ ਹੋਏ ਇਸ ਮਸਲੇ ਵੱਲ ਧਿਆਨ ਦੇਣ ਦੀ ਗੱਲ ਆਖੀ ਗਈ।