
5 ਮ੍ਰਿਤਕ ਵਿਅਕਤੀਆਂ ਵਿਚੋਂ 2 ਨੌਜਵਾਨ ਪੀ.ਯੂ. ਵਿਚ ਪੜ੍ਹਾਈ ਕਰਦੇ ਸਨ
ਪਟਿਆਲਾ : ਦੁਸਹਿਰੇ ਦਾ ਪਵਿੱਤਰ ਤਿਓਹਾਰ ਮੌਕੇ ਪਟਿਆਲਾ ਦੇ ਦੇਵੀਗੜ੍ਹ ਰੋਡ ’ਤੇ ਵਾਪਰੇ ਭਿਆਨਕ ਹਾਦਸੇ ਨੇ ਕਈ ਪਰਿਵਾਰ ਉਜਾੜ ਕੇ ਰੱਖ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ। ਇਹ ਹਾਦਸਾ ਟਰੈਕਟਰ ਟਰਾਲੀ ਅਤੇ ਸਕਾਰਪੀਓ ਗੱਡੀ ਵਿਚਕਾਰ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਾਲ ਤੋਂ ਸ਼ਰਧਾਲੂ ਟਰੈਕਟਰ ਟਰਾਲੀ ’ਤੇ ਮੱਥਾ ਟੇਕ ਕੇ ਪਟਿਆਲਾ ਵਾਪਸ ਆ ਰਹੇ ਸਨ।
Road Accident
ਇਸ ਦੌਰਾਨ ਪਟਿਆਲਾ ਦੇ ਦੇਵੀਗੜ੍ਹ ਰੋਡ ’ਤੇ ਟਰੈਕਟਰ ਟਰਾਲੀ ਅਤੇ ਸਕਾਰਪਿਓ ਗੱਡੀ ਦੀ ਜ਼ੋਰਦਾਰ ਟੱਕਰ ਹੋ ਗਈ। ਟਰੈਕਟਰ ਟਰਾਲੀ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਸਕਾਰਪਿਓ ਸਵਾਰ ਦੋ ਨੌਜਵਾਨ ਵੀ ਦਮ ਤੋੜ ਗਏ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਵਿਚ ਤਿੰਨ ਨੌਜਵਾਨ ਬੈਠੇ ਸਨ ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਈ ਹੈ ਅਤੇ ਦੋਵੇਂ ਨੌਜਵਾਨ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦੇ ਸਨ।
ਹਾਦਸੇ ਤੋਂ ਬਾਅਦ ਸਕਾਰਪੀਓ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿਚ ਕੁੱਝ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਪੁਲਿਸ ਦਾ ਆਖਣਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।