
ਖੁਦ ਨੂੰ ਵੱਧ ‘ਕਿਸਾਨ ਹਿਤੈਸ਼ੀ’ ਸਾਬਤ ਕਰਨ ਦੇ ਰਾਹ ਪਈਆਂ ਸਿਆਸੀ ਧਿਰਾਂ ਇਕ ਦੂਜੇ ਨੂੰ ਘੇਰਣ ’ਚ ਮਸ਼ਰੂਫ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਿਹਾ ਕਿਸਾਨੀ ਸੰਘਰਸ਼ ਸਿਆਸਤਦਾਨਾਂ ਲਈ ਜੀਅ ਦਾ ਜਲਾਲ ਬਣਦਾ ਜਾ ਰਿਹਾ ਹੈ। ਕਿਸੇ ਵੇਲੇ ਲੋਕਾਂ ’ਚ ਰੋਲ ਮਾਡਲ ਵਜੋਂ ਜਾਣੇ ਜਾਂਦੇ ਸਿਆਸੀ ਆਗੂ ਹੁਣ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰਨ ਲੱਗੇ ਹਨ। ਸਿਆਸੀ ਮੰਚਾਂ ’ਤੇ ਅਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਲੋਕਾਂ ਨੂੰ ੰਭਰਮਾਉਣ ਦਾ ਲੰਮਾ ਚੱਕਰ ਚਲਾ ਚੁੱਕੇ ਆਗੂਆਂ ਨੂੰ ਕਿਸਾਨੀ ਮੰਚਾਂ ਤੋਂ ਦੁਰਕਾਰ ਡਾਹਢੀ ਪ੍ਰੇਸ਼ਾਨ ਕਰ ਰਹੀ ਹੈ।
Youth Leaders
ਹਾਲਤ ਇਹ ਹੈ ਕਿ ਕਿਸਾਨੀ ਮੰਚਾਂ ਤੋਂ ਦੁਰਕਾਰੇ ਜਾਣ ਬਾਅਦ ਇਹ ਆਗੂ ਹੁਣ ਇਕ-ਦੂਜੇ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ। ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਕਿਸਾਨਾਂ ਦਾ ਧਿਆਨ ਅਪਣੇ ਵੱਲ ਖਿੱਚਣ ਲਈ ਤਰ੍ਹਾਂ ਤਰ੍ਹਾਂ ਦੇ ਬਿਆਨ ਦਾਗ ਰਹੇ ਹਨ। ਇਹ ਬਿਆਨਬਾਜ਼ੀ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਰਹੀ ਹੈ। ਲੋਕ ਸਮਝ ਨਹੀਂ ਪਾ ਰਹੇ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ। ਇਕ ਦੂਜੇ ਦੇ ਪੋਤਲੇ ਫਰੋਲਦੇ-ਫਰੋਲਦੇ ਸਿਆਸੀ ਆਗੂ ਹੁਣ ਖੁਦ ਦੇ ਰਾਹਾਂ ’ਚ ਟੋਏ ਪੁੱਟਣ ਲੱਗੇ ਹਨ।
Kisan Unions
ਸਿਆਸਤਦਾਨਾਂ ਦੇ ਲਾਰਿਆਂ ਤੋਂ ਅੱਕੇ ਲੋਕ ਹੁਣ ਖੁਦ ਹੀ ਆਪਣੀਆਂ ਸਿਆਸੀ ਰਾਹਾਂ ਤਲਾਸ਼ਣ ਦੇ ਰਾਹ ਪੈਣ ਲੱਗੇ ਹਨ। ਜ਼ਿਆਦਾਤਰ ਲੋਕਾਂ ਨੂੰ ਹੁਣ ਸਾਰੇ ਸਿਆਸਤਦਾਨ ਇਕੋ ਥਾਲੀ ਦੇ ਚੱਟੇ-ਵੱਟੇ ਲੱਗਣ ਲੱਗੇ ਹਨ। ਖੁਦ ਨੂੰ ਵੱਧ ਕਿਸਾਨ ਹਿਤੈਸ਼ੀ ਸਾਬਤ ਕਰਨ ਦੇ ਲਾਲਸਾਵੱਸ ਸਿਆਸੀ ਆਗੂ ਇਕ-ਦੂਜੇ ਦੇ ਸਿਆਸੀ ਪੈਂਤੜਿਆਂ ਦਾ ਚੋਰਾਹੇ ਭਾਂਡਾ ਭੰਡਣ ਲੱਗੇ ਹਨ, ਜੋ ਲੋਕਾਂ ਨੂੰ ਸਿਆਸਤਦਾਨਾਂ ਤੋਂ ਦੂਰ ਕਰਨ ਦਾ ਕੰਮ ਕਰ ਰਹੇ ਹਨ।
Kisan Dharna
ਬੀਤੇ ਦਿਨੀਂ ਕਾਂਗਰਸ ਦੇ ਸੰਸਦ ਮੈਂਬਰ ਨੇ ਖੁਦ ਦੀ ਪਾਰਟੀ ਨੂੰ ਕਿਸਾਨ ਹਿਤੈਸ਼ੀ ਸਾਬਤ ਕਰਨ ਲਈ ਕੈਮਰੇ ਮੂਹਰੇ ਕੇਂਦਰੀ ਮੰਤਰੀ ਵਲੋਂ ਮੁੱਖ ਮੰਤਰੀ ਬਾਰੇ ਵਰਤੀ ਸਖ਼ਤ ਸ਼ਬਦਾਵਲੀ ਦਾ ਕੱਚਾ ਚਿੱਠਾ ਖੋਲ੍ਹ ਦਿਤਾ। ਭਾਵੇਂ ਸੰਸਦ ਮੈਂਬਰ ਨੇ ਇਹ ਸਭ ਕੁੱਝ ਅਪਣੀ ਪਾਰਟੀ ਨੂੰ ਕਿਸਾਨ ਹਿਤੈਸ਼ੀ ਸਾਬਤ ਕਰਨ ਲਈ ਕੀਤਾ, ਪਰ ਵਿਰੋਧੀ ਪਾਰਟੀਆਂ ਨੇ ਬਾਤ ਦਾ ਬਤੰਗੜ ਬਣਾਉਂਦਿਆਂ ਇਸ ਬਿਆਨ ਨੂੰ ਮੁੱਖ ਮੰਤਰੀ ਦੀ ਕਿਰਦਾਰਕੁਸ਼ੀ ਲਈ ਵਰਤਣਾ ਸ਼ੁਰੂ ਕਰ ਦਿਤਾ ਹੈ।
Farmers Protest
ਕਿਸਾਨਾਂ ਦਾ ਧਿਆਨ ਖਿੱਚਣ ਦੀ ਪੁੱਠੀ ਪਈ ਇਹ ਪਹਿਲੀ ਘਟਨਾ ਨਹੀਂ ਹੈ। ਆਏ ਦਿਨ ਸਿਆਸੀ ਆਗੂ ਕਿਸਾਨੀ ਮੁੱਦੇ ’ਤੇ ਇਕ ਦੂਜੇ ਨੂੰ ਘੇਰ ਰਹੇ ਹਨ ਜੋ ਲੋਕਾਂ ਨੂੰ ਸਿਅਸਤਦਾਨਾਂ ਤੋਂ ਦੂਰ ਲਿਜਾਣ ਦਾ ਕੰਮ ਕਰ ਰਹੀ ਹੈ। ਟੀਵੀ ਚੈਨਲਾਂ ’ਤੇ ਹੁੰਦੀਆਂ ਬਹਿਸਾਂ ਵਿਚ ਵੀ ਸਿਆਸੀ ਪਾਰਟੀਆਂ ਦੇ ਆਗੂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਨੂੰ ਘੱਟ ਅਤੇ ਵਿਰੋਧੀ ਪਾਰਟੀਆਂ ’ਤੇ ਵਧੇਰੇ ਹਮਲੇ ਕਰ ਰਹੇ ਸਨ। ਕਈ ਥਾਈ ਤਾਂ ਭਾਜਪਾ ਦੇ ਬੁਲਾਰੇ ਨੂੰ ਬੋਲਣ ਦਾ ਮੌਕਾ ਵੀ ਨਹੀਂ ਮਿਲਦਾ ਅਤੇ ਅਕਾਲੀ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਇਕ ਦੂਜੇ ਨੂੰ ਨੀਵਾਂ ਦਿਖਾਉਣ ’ਚ ਹੀ ਬਹਿਸ ਦਾ ਸਮਾਂ ਲੰਘਾ ਦਿੰਦੇ ਹਨ।
Haryana Farmer At delhi Protest
ਗੁਆਢੀ ਸੂਬੇ ਹਰਿਆਣਾ ਵਿਚ ਵੀ ਇਹੀ ਹਾਲਤ ਬਣਦੀ ਜਾ ਰਹੀ ਹੈ। ਉਥੇ ਵੀ ਕਿਸਾਨੀ ਅੰਦੋਲਨ ਨੇ ਸਿਆਸਤਦਾਨਾਂ ਦੇ ਨੱਕ ’ਚ ਦੰਮ ਕੀਤਾ ਹੋਇਆ ਹੈ। ਖੁਦ ਨੂੰ ਵੱਧ ਕਿਸਾਨ ਹਿਤੈਸ਼ੀ ਸਾਬਤ ਕਰਨ ਦੇ ਚੱਕਰ ’ਚ ਸਿਆਸੀ ਧਿਰਾਂ ਇਕ-ਦੂਜੇ ਦੀਆਂ ਕਮੀਆਂ ਗਿਣਾਉਣ ’ਚ ਮਸ਼ਰੂਫ ਹਨ। ਇੰਨਾ ਹੀ ਨਹੀਂ, ਪੰਜਾਬ-ਹਰਿਆਣਾ ਦੇ ਕਿਸਾਨਾਂ ਦਾ ਏਕਾ ਵੀ ਸਿਆਸਤਦਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਸਿਆਸਤਦਾਨਾਂ ਦੀਆਂ ਚਾਲਾਂ ਦੀ ਬਦੌਲਤ ਇਕ-ਦੂਜੇ ਤੋਂ ਦੂਰ ਹੋਏ ਦੋਵਾਂ ਸੂਬਿਆਂ ਦੇ ਕਿਸਾਨ ਹੁਣ ਇਕ ਥਾਲੀ ’ਚ ਖਾਣ ਲੱਗੇ ਹਨ।
Rakesh Tikait
ਹਰਿਆਣਾ ਦੇ ਸਿਆਸੀ ਆਗੂਆਂ ਨੇ ਇਸ ਨੂੰ ਲੈ ਕੇ ਵੀ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ ਹਨ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਨੇ ਤਾਂ ਹਰਿਆਣਾ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਤੋਂ ਐਸ.ਵਾਈ.ਐਲ. ਦਾ ਪਾਣੀ ਮੰਗਣ ਦੀ ਸਲਾਹ ਦਿਤੀ ਹੈ। ਇਸ ਨੂੰ ਸਿਆਸਤਦਾਨਾਂ ਦੀ ਬੁਖਲਾਹਟ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਦਿੱਲੀ ਸਰਹੱਦ ’ਤੇ ਧਰਨਿਆਂ ’ਤੇ ਬੈਠੇ ਦੋਵਾਂ ਸੂਬਿਆਂ ਦੇ ਕਿਸਾਨਾਂ ਵਿਚਾਲੇ ਸਿਆਸਤਦਾਨਾਂ ਵਲੋਂ ਪਾਈਆਂ ਵੰਡੀਆਂ ਦੀਆਂ ਗੱਲਾਂ ਆਮ ਹੀ ਸੁਣਨ ਨੂੰ ਮਿਲ ਰਹੀਆਂ ਹਨ। ਕਿਸਾਨਾਂ ਦੇ ਏਕੇ ਤੋਂ ਸਿਆਸਤਦਾਨਾਂ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਵਿਖਾਈ ਦੇ ਰਹੀ ਹੈ। ਕਿਸਾਨਾਂ ਮੁਤਾਬਕ ਪਾਣੀਆਂ ਦਾ ਮੁੱਦਾ ਵੀ ਸਿਆਸਤਦਾਨਾਂ ਦੀ ਹੀ ਦੇਣ ਹੈ, ਜਿਸ ਵਿਚ ਦੋਵਾਂ ਸੂਬਿਆਂ ਦੇ ਕਿਸਾਨਾਂ ਦੀ ਕੋਈ ਭੂਮਿਕਾ ਨਹੀਂ ਹੈ।