
ਸੂਬੇ 'ਤੇ ਪੈ ਸਕਦੈ ਜ਼ਿਮਨੀ ਚੋਣਾਂ ਦਾ ਬੋਝ
ਚੰਡੀਗੜ੍ਹ : ਪੰਜਾਬ ਵਿਚ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਬੜੇ ਹੀ ਸੰਕੋਚ ਤੋਂ ਕੰਮ ਲੈ ਰਹੀਆਂ ਹਨ। ਹਾਲਾਤ ਤਾਂ ਇਹ ਹਨ ਕਿ ਨਵੇਂ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਦੀ ਬਜਾਏ ਪੰਜਾਬ ਵਿਚ 6 ਮੌਜੂਦਾ ਵਿਧਾਇਕ ਹੀ ਲੋਕ ਸਭਾ ਚੋਣ ਵੀ ਲੜਾਏ ਜਾ ਰਹੇ ਹਨ। ਜਿਸ ਦਾ ਇਕ ਵੱਡਾ ਪਹਿਲੂ ਇਹ ਵੀ ਹੈ ਕਿ ਇਨ੍ਹਾਂ ਦੇ ਸਫ਼ਲ ਹੋਣ ਦੀ ਸੂਰਤ ਵਿਚ ਸੂਬੇ 'ਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦਾ ਬੋਝ ਪੈਣਾ ਤੈਅ ਹੈ। ਹਾਲਾਤ ਇਹ ਹਨ ਕਿ ਸੂਬੇ ਦੀ ਸੱਤਾ 'ਤੇ ਬੜੀ ਹੀ ਮਜਬੂਤੀ ਨਾਲ ਕਾਬਜ਼ ਕਾਂਗਰਸ ਪਾਰਟੀ ਨੂੰ ਵੀ ਅੰਦਰੂਨੀ ਵਿਰੋਧਾਂ ਦਾ ਬਾਵਜੂਦ ਵੀ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੂੰ ਹੀ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਨਾ ਪਿਆ ਹੈ।
Akali-BJP
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਲਹਿਰਾ ਵਿਧਾਨ ਸਭਾ ਹਲਕੇ ਤੋਂ ਜਿੱਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਉਨ੍ਹਾਂ ਦੇ ਪਿਤਾ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਸਪੱਸ਼ਟ ਨਾਖ਼ੁਸ਼ੀ ਦੇ ਬਾਵਜੂਦ ਵੀ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ 'ਚ ਉਤਰਾਨਾ ਪਿਆ ਹੈ। ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਅਪਣੇ ਆਪ ਨੂੰ ਹੀ ਲੁਧਿਆਣਾ ਸੀਟ ਤੋਂ ਅਤੇ ਆਪ ਦੇ ਬਾਗ਼ੀ ਅਤੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਭੂਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਅਪਣੇ ਆਪ ਨੂੰ ਹੀ ਬਠਿੰਡਾ ਲੋਕ ਸਭਾ ਸੀਟ, ਅਪਣੇ ਸਾਥੀ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਫ਼ਰੀਦਕੋਟ ਸੀਟ ਤੋਂ ਲੋਕ ਸਭਾ ਉਮੀਦਵਾਰ ਐਲਾਨ ਦਿਤਾ ਹੈ।
Congress
ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਵੀ ਪਾਰਟੀ ਵਲੋਂ ਬਠਿੰਡਾ ਹਲਕੇ ਤੋਂ ਚੋਣ ਮੈਦਾਨ ਵਿਚ ਹਨ। ਜਿਸ ਤੋਂ ਸਪੱਸ਼ਟ ਹੈ ਕਿ ਜੇਕਰ ਕੋਈ ਵੀ ਇਨ੍ਹਾਂ ਉਮੀਦਵਾਰਾਂ 'ਚੋਂ ਲੋਕ ਸਭਾ ਦੀਆਂ ਪੋੜੀਆਂ ਚੜਨ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਉਸ ਦੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਈ ਤੈਅ ਹੈ। ਇਸ ਤੋਂ ਇਲਾਵਾ ਸਿਆਸੀਆਂ ਪਾਰਟੀਆਂ ਯੋਗ ਉਮੀਦਵਾਰਾਂ ਦੀ ਵੀ ਭਾਰੀ ਤੋਟ ਜੂਝ ਰਹੀਆਂ ਹਨ ਜਿਸ ਦੀ ਮਿਸਾਲ ਸਪੱਸ਼ਟ ਵੇਖੀ ਜਾ ਸਕਦੀ ਹੈ।
Election
2014 ਦੀਆਂ ਲੋਕ ਸਭਾ ਅਤੇ 2017 ਦੀਆਂ ਪੰਜਾਬ ਵਿਧਾਨ ਚੋਣਾਂ ਵਿਚ ਹਾਰ ਦਾ ਮੂੰਹ ਵੇਖਣ ਵਾਲੇ ਉਮੀਦਵਾਰਾਂ ਨੂੰ ਹੀ ਲੋਕ ਸਭਾ ਚੋਣਾਂ ਦੀਆਂ ਟਿਕਟਾਂ ਨਾਲ ਨਿਵਾਜਿਆ ਗਿਆ ਹੈ। ਮਸਲਨ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਪਿਛਲੀ ਚੋਣ ਹਾਰੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਮੁੜ ਪਟਿਆਲਾ ਤੋਂ ਹੀ 2017 'ਚ ਜਲਾਲਾਬਾਦ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਕਾਂਗਰਸ ਦੀ ਟਿਕਟ ਤੋਂ ਹਾਰੇ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ (ਪਿਛਲੀ ਜੇਤੂ ਲੋਕ ਸਭਾ ਸੀਟ) ਤੋਂ ਹੀ ਅਬੋਹਰ ਵਿਧਾਨ ਸਭਾ ਸੀਟ ਹਾਰੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਮੁੜ ਉਨ੍ਹਾਂ ਦੀ ਜ਼ਿਮਨੀ ਚੋਣ ਜਿੱਤੀ ਗੁਰਦਾਸਪੁਰ, ਤੋਂ ਬਰਨਾਲਾ ਵਿਧਾਨ ਸਭਾ ਸੀਟ ਤੋਂ ਹਾਰੇ ਉਘੇ ਸਨਅਤਕਾਰ ਅਤੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਸੰਗਰੂਰ ਤੋਂ ਗਾਇਕ ਤੇ ਸਾਬਕਾ ਵਿਧਾਇਕ ਪਰ ਪਿਛਲੀ ਵਾਰ ਜੈਤੋਂ ਵਿਧਾਨ ਸਭਾ ਸੀਟ ਤੋਂ ਹਾਰੇ ਮੁਹੰਮਦ ਸਦੀਕ ਨੂੰ ਫ਼ਰੀਦਕੋਟ, ਸਾਬਕਾ ਆਈਏਐਸ ਅਤੇ ਰਾਏਕੋਟ ਵਿਧਾਨ ਸਭਾ ਸੀਟ ਤੋਂ ਹਾਰੇ ਅਮਰ ਸਿੰਘ ਨੂੰ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਚੋਣ ਦੀਆਂ ਟਿਕਟਾਂ ਨਾਲ ਨਿਵਾਜਿਆ ਗਿਆ ਹੈ।
Vote
ਇਸੇ ਤਰ੍ਹਾਂ ਅਕਾਲੀ ਦਲ ਨੇ ਵੀ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸੁਰਜੀਤ ਸਿੰਘ ਰਖੜਾ ਨੂੰ ਪਟਿਆਲਾ ਤੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਫ਼ਰੀਦਕੋਟ ਤੋਂ ਅਤੇ ਸਾਬਕਾ ਆਈਏਐਸ ਦਰਬਾਰਾ ਸਿੰਘ ਗੁਰੂ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਅਤੇ ਡਾ. ਰਵਜੋਤ ਸਿੰਘ ਨੂੰ ਲੋਕ ਸਭਾ ਚੋਣਾਂ ਦੇ ਪਿੜ ਵਿਚ ਉਤਾਰਿਆ ਗਿਆ ਹੈ।
Vote
ਇਥੇ ਵੀ ਦਸਣਯੋਗ ਹੈ ਕਿ ਆਪ ਦੇ ਪੰਜਾਬ ਪ੍ਰਧਾਨ ਅਤੇ ਕਮੇਡੀਅਨ ਭਗਵੰਤ ਮਾਨ ਨੇ 2014 ਦੀ ਲੋਕ ਸਭਾ ਸੀਟ ਤਾਂ ਭਾਵੇਂ ਸੰਗਰੂਰ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੀ ਸੀ ਪਰ 2017 ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੋਂ ਜਲਾਲਾਬਾਦ ਹਲਕੇ ਤੋਂ ਉਹ ਚੋਣ ਹਾਰ ਗਏ ਸਨ। ਇਸ ਤੋਂ ਇਲਾਵਾ ਇਸ ਵਾਰ ਪੰਜਾਬ ਪੀਡੀਏ ਵਲੋਂ ਸੰਗਰੂਰ ਤੋਂ ਚੋਣ ਲੜ ਰਹੇ ਗਾਇਕ ਜੱਸੀ ਜਸਰਾਜ ਵੀ ਪਿਛਲੀ ਵਾਰ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਟਿਕਟ 'ਤੇ ਬੁਰੀ ਤਰ੍ਹਾਂ ਹਾਰ ਚੁੱਕੇ ਹਨ। ਇਨ੍ਹਾਂ ਹੀ ਨਹੀਂ ਕਾਂਗਰਸ ਨੇ ਚੰਡਗੜ੍ਹ ਲੋਕ ਸਭਾ ਸੀਟ ਤੋਂ ਪਿਛਲੀ ਵਾਰ ਹਾਰੇ ਅਪਣੇ ਉਮੀਦਵਾਰ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ 'ਤੇ ਹੀ ਮੁੜ ਭਰੋਸਾ ਪ੍ਰਗਟਾਇਆ ਹੈ।