
ਬਾਲੀ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਅਤੇ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਵਿਚੋਂ ਕੱਢਿਆ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਅਨੁਸ਼ਾਸਨਹੀਣਤਾ ਦੇ ਸਬੰਧ ਵਿਚ ਸਖ਼ਤ ਨੋਟਿਸ ਲੈਂਦਿਆਂ ਗੁਰਵਿੰਦਰ ਸਿੰਘ ਬਾਲੀ ਨੂੰ 6 ਸਾਲ ਵਾਸਤੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿਤਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਪੀ.ਪੀ.ਸੀ.ਸੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਬਾਲੀ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਅਤੇ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਵਿਚੋਂ ਕੱਢਿਆ ਗਿਆ ਹੈ।
Congress
ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਸਿਧਾਂਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰਨ ਨੂੰ ਯਕੀਨੀ ਬਣਾਉਣ ਲਈ ਪੂਰੇ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਨੂੰ ਦੁਹਰਾਉਂਦੇ ਹੋਏ ਲਾਲ ਸਿੰਘ ਨੇ ਕਿਹਾ ਕਿ ਪਾਰਟੀ ਵਰਕਰ ਅਤੇ ਆਗੂ ਪੂਰੇ ਉਤਸ਼ਾਹ ਅਤੇ ਹੌਂਸਲੇ ਵਿਚ ਹਨ
ਅਤੇ ਕਾਂਗਰਸ ਸੂਬੇ ਭਰ ਦੀਆਂ ਸਾਰੀਆਂ ਲੋਕਸਭਾ ਸੀਟਾਂ ਵੱਡੇ ਫ਼ਰਕ ਨਾਲ ਜਿੱਤੇਗੀ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੀਤੀਆਂ ਲੀਹੋਂ ਹਟਵੀਆਂ ਪਹਿਲ ਕਦਮੀਆਂ ਨੂੰ ਹੇਠਲੇ ਪੱਧਰ ’ਤੇ ਲੋਕਾਂ ਵਿਚ ਲਿਜਾਣ ਲਈ ਪਾਰਟੀ ਵਰਕਰਾਂ ਨੂੰ ਪੂਰੇ ਜੋਸ਼ ਨਾਲ ਕੰਮ ਕਰਨ ਦੀ ਅਪੀਲ ਕਰਦੇ ਹੋਏ ਲਾਲ ਸਿੰਘ ਨੇ ਕਿਹਾ ਕਿ ਪਾਰਟੀ ਨੀਤੀਆਂ ਦੇ ਹੱਕ ਵਿਚ ਲੋਕਾਂ ਦਾ ਭਾਰੀ ਹੁੰਗਾਰਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰਾਂ ਦੇ ਹੱਕ ਵਿਚ ਲੋਕਾਂ ਦਾ ਵੱਡਾ ਸਮਰਥਨ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ, ਜਿਸ ਦੇ ਨਾਲ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਦੀ ਸਥਾਪਤੀ ਨੂੰ ਯਕੀਨੀ ਬਣਾਇਆ ਜਾ ਸਕੇਗਾ।