
ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਪਰਵਾਸੀ ਪੰਜਾਬੀਆਂ ਵਿੱਚ ਪੰਜਾਬ ਪ੍ਰਤੀ ਖਿੱਚ ਪੈਦਾ ਕਰਨ ਅਤੇ ਪੰਜਾਬ ਦੀਆਂ ਵਿਰਾਸਤਾਂ ਨੂੰ ਸੰਭਾਲਣ ਅਤੇ ਸੁੰਦਰੀ ਕਰਨ...
ਰਾਜਪੁਰਾ : ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਪਰਵਾਸੀ ਪੰਜਾਬੀਆਂ ਵਿੱਚ ਪੰਜਾਬ ਪ੍ਰਤੀ ਖਿੱਚ ਪੈਦਾ ਕਰਨ ਅਤੇ ਪੰਜਾਬ ਦੀਆਂ ਵਿਰਾਸਤਾਂ ਨੂੰ ਸੰਭਾਲਣ ਅਤੇ ਸੁੰਦਰੀ ਕਰਨ ਲਈ 591 ਕਰੋੜ ਰੁਪਏ ਖ਼ਰਚ ਕੀਤੇ ਜਾਣ ਨੂੰ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਚਾਰ ਦਿਨਾਂ ਟੂਰਿਜ਼ਮ ਦੌਰੇ ਦਾ ਆਗਾਜ਼ ਅੱਜ ਕਿਲ੍ਹਾ ਮੁਗ਼ਲ ਸਰਾਂ ਸ਼ੰਭੂ, ਹਲਕਾ ਘਨੌਰ ਤੋਂ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਉਦੇਸ਼ ਪੰਜਾਬ ਤੋਂ ਬਾਹਰ ਜਾਂਦੇ ਟੂਰਿਜ਼ਮ ਨੂੰ ਮੁੜ ਪੰਜਾਬ ਵਿੱਚ ਬਹਾਲ ਕਰਨਾ ਅਤੇ ਪ੍ਰਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੇ ਵਿਰਾਸਤੀ ਅਨਮੋਲ ਰਤਨਾਂ ਨਾਲ ਜੋੜਨ ਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇੱਕ ਸਾਲ ਦੇ ਅੰਦਰ-ਅੰਦਰ ਪੰਜਾਬ ਦੀਆਂ ਵਿਰਾਸਤਾਂ ਦਾ ਨਵੀਨੀਕਰਨ ਤੇ ਸੁੰਦਰੀਕਰਨ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਇਨ੍ਹਾਂ ਦੀ ਮੌਲਿਕਤਾ ਨੂੰ ਵੀ ਬਰਕਰਾਰ ਰੱਖਿਆ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ 32 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 6 ਵਿਰਾਸਤੀ ਸਰਾਵਾਂ ਸ਼ੰਭੂ, ਦੋਰਾਹਾ ਅਤੇ ਸਰਾਏ ਲਕਸ਼ਰੀ ਨੂੰ ਮੈਰਿਜ ਪੈਲੇਸ ਵਿੱਚ ਤਬਦੀਲ ਕੀਤੇ ਜਾਣ ਦੀ ਯੋਜਨਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ 60 ਕਰੋੜ ਰੁਪਏ ਖਰਚੇ ਜਾਣਗੇ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਹਲਕਾ ਘਨੌਰ ਵਿਖੇ ਪਹੁੰਚਣ 'ਤੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਬੰਧਤ ਵਿਭਾਗ ਦੇ ਸੈਕਟਰੀ ਵਿਕਾਸ ਸ਼ਰਮਾ ਡਾਇਰੈਕਟਰ ਸ਼ਿਵ ਦਿਆਲ ਐਸ.ਡੀ.ਐਮ. ਰਾਜਪੁਰਾ ਸੰਜੀਵ ਕੁਮਾਰ, ਡੀ.ਐੱਸ.ਪੀ. ਹਰਜਿੰਦਰ ਸਿੰਘ ਗਿੱਲ, ਤਹਿਸੀਲਦਾਰ ਹਰਸਿਮਰਨਜੀਤ ਸਿੰਘ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਬਲਜੀਤ ਸਿੰਘ ਗਿੱਲ, ਗਗਨਦੀਪ ਸਿੰਘ ਜਲਾਲਪੁਰ, ਗੁਰਦੀਪ ਸਿੰਘ ਉਂਟਸਰ, ਹਰਵਿੰਦਰ ਸਿੰਘ ਕਾਮੀ, ਚਤਿੰਦਰਵੀਰ ਸਿੰਘ ਛਾਛੀ, ਰਾਜੇਸ਼ ਕੁਮਾਰ ਨੰਦਾ, ਸਹਿਜਪਾਲ ਸਿੰਘ ਲਾਡਾ, ਇੰਸਪੈਕਟਰ ਸ਼ੰਭੂ ਕੁਲਵਿੰਦਰ ਸਿੰਘ ਅਤੇ ਇੰਸਪੈਕਟਰ ਘਨੌਰ ਰਘਵੀਰ ਸਿੰਘ ਆਦਿ ਵੀ ਹਾਜ਼ਰ ਸਨ।