
ਸ਼ਹਿਰਾਂ ਵਿੱਚ ਅੱਧੇ-ਅਧੂਰੇ ਸੀਵਰੇਜ ਦੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ...........
ਚੰਡੀਗੜ੍ਹ : ਸ਼ਹਿਰਾਂ ਵਿੱਚ ਅੱਧੇ-ਅਧੂਰੇ ਸੀਵਰੇਜ ਦੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਹਦਾਇਤ ਕੀਤੀ ਕਿ ਉਹ ਇਕ ਮਹੀਨੇ ਦੇ ਅੰਦਰ ਆਪਣੇ ਕੰਮ ਨੂੰ ਲੀਹ 'ਤੇ ਲੈ ਆਉਣ ਅਤੇ ਕੰਮ ਮੁਕੰਮਲ ਕਰਨ ਦਾ ਸਮਾਂ ਸੀਮਾ ਤੈਅ ਕਰ ਕੇ ਮਹੀਨਾਵਾਰ ਆਪਣੇ ਕੰਮ ਦੀ ਰਿਪੋਰਟ ਦੇਣ।
ਅੱਜ ਇਥੇ ਪੰਜਾਬ ਮਿਉਂਸਪਲ ਭਵਨ ਵਿਖੇ ਦੋ ਕੈਬਨਿਟ ਮੰਤਰੀਆਂ ਸ੍ਰੀ ਵਿਜੇ ਇੰਦਰ ਸਿੰਗਲਾ ਤੇ ਸ਼ਿਆਮ ਸੁੰਦਰ ਅਰੋੜਾ, ਸਬੰਧਤ ਸ਼ਹਿਰਾਂ ਦੇ ਵਿਧਾਇਕਾਂ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੰਪਨੀ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ 8 ਕਲੱਸਟਰਾਂ ਦੇ ਕੰਮ ਦੇ ਰੀਵਿਊ ਲਈ ਰੱਖੀ ਮੀਟਿੰਗ ਵਿੱਚ ਸ. ਸਿੱਧੂ ਨੇ ਇਹ ਵੀ ਤਾੜਨਾ ਕੀਤੀ ਕਿ ਜੇਕਰ ਇਕ ਮਹੀਨੇ ਅੰਦਰ ਉਨ੍ਹਾਂ ਦਾ ਕੰਮ ਲੋਕਾਂ ਦੀਆਂ ਉਮੀਦਾਂ ਅਨੁਸਾਰ ਨਹੀਂ ਹੋਇਆ ਤਾਂ ਉਹ ਜਿੱਥੇ ਕੰਪਨੀ ਨੂੰ ਬਲੈਕ ਲਿਸਟ ਕਰਨਗੇ ਉਥੇ ਲੋਕਾਂ ਦੇ ਖੂਨ-ਪਸੀਨੇ ਦੇ ਪੈਸੇ ਨੂੰ ਅਜਾਈਂ ਗਵਾਉਣ ਲਈ ਅਪਰਾਧਿਕ ਮਾਮਲਾ ਵੀ ਦਰਜ ਕਰਵਾਉਣਗੇ।
ਅੱਜ ਦੀ ਮੀਟਿੰਗ ਵਿੱਚ ਸਬੰਧਤ ਹਲਕਿਆਂ ਦੇ ਵਿਧਾਇਕਾਂ ਨੇ ਇਕ-ਇਕ ਕਰ ਕੇ ਆਪਣੇ ਸ਼ਹਿਰ ਅੰਦਰ ਵੱਖ-ਵੱਖ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਸੀਵਰੇਜ ਦੇ ਕੰਮ 'ਤੇ ਨਾਖੁਸ਼ੀ ਜ਼ਾਹਰ ਕੀਤੀ। ਸ. ਸਿੱਧੂ ਨੇ ਮੀਟਿੰਗ ਵਿੱਚ ਹਾਜ਼ਰ ਮੈਸਰਜ਼ ਸ਼ਾਹਪੂਰਜੀ ਪਾਲੂਨਜ਼ੀ ਲਿਮਟਿਡ, ਜੀ.ਡੀ.ਸੀ.ਐਲ. ਕ੍ਰਿਸ਼ਨਾ ਜੀਵੀ, ਤ੍ਰਿਵੈਨੀ ਇੰਜ. ਇੰਡਸਰੀਜ਼ ਤੇ ਮੈਸ. ਗਿਰਧਾਰੀ ਲਾਲ ਅੱਗਰਵਾਲ ਕੰਟਰੈਕਟਰਜ਼ ਦੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਕੰਮ ਨੇਪਰੇ ਚਾੜ੍ਹਨ ਦੇ ਸਮੇਂ ਤੇ ਕੁਆਲਿਟੀ ਉਪਰ ਧਿਆਨ ਕੇਂਦ੍ਰਿਤ ਕਰਨ।