
ਪੁੱਤਰਾਂ ਦੀਆਂ ਅਰਥੀਆਂ ਢੋਹ ਰਹੇ ਨੇ ਬਾਪ : ਭਗਵੰਤ ਮਾਨ
ਬਾਬਾ ਬਕਾਲਾ/ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ 'ਰੱਖੜ ਪੁੰਨਿਆਂ' ਮੇਲੇ 'ਤੇ ਪਾਰਟੀ ਦੀ ਸਿਆਸੀ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 4 ਹਫ਼ਤਿਆਂ 'ਚ ਨਸ਼ਿਆਂ ਨੂੰ ਜੜੋ ਪੁੱਟਣ ਦੀ ਸਹੁੰ ਖਾ ਕੇ ਸੱਤਾ 'ਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਰਕਾਰ ਸਾਬਤ ਹੋਈ ਹੈ। ਸਰਕਾਰਾਂ ਦੀ ਨਖਿੱਧ ਕਾਰਜਕਾਰੀ ਕਾਰਨ ਪੰਜਾਬ ਗੁਆਚੇ ਰਾਹਾਂ 'ਤੇ ਭਟਕ ਰਿਹਾ ਹੈ। ਹਾਲਾਤ ਇਹ ਹਨ ਕਿ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨ ਪੁੱਤਰਾਂ ਦੀਆਂ ਲਾਸ਼ਾਂ ਬਾਪ ਮੋਢਿਆਂ 'ਤੇ ਢੋਹ ਰਹੇ ਹਨ। ਹੁਣ ਤਾਂ ਨੌਜਵਾਨ ਧੀਆਂ-ਭੈਣਾਂ ਵੀ ਕੁਰਾਹੇ ਪੈ ਗਈਆਂ ਹਨ। ਲੋਕ ਸ਼ਮਸ਼ਾਨ ਘਾਟਾਂ 'ਚ ਕੁਰਲਾ ਰਹੇ ਹਨ ਅਤੇ 'ਸਰਕਾਰ' ਪਹਾੜਾਂ 'ਤੇ ਮੌਜਾਂ ਕਰਨ 'ਚ ਮਸਰੂਫ਼ ਹੈ।
AAP Political Conference-1
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੀਨੀਅਰ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਜੈ ਕ੍ਰਿਸ਼ਨ ਸਿੰਘ ਰੋੜੀ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਬਾਬਾ ਬਕਾਲਾ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ, ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਹਰਭਜਨ ਸਿੰਘ ਈਟੀਓ, ਰਣਜੀਤ ਸਿੰਘ ਚੀਮਾ, ਕਰਤਾਰ ਸਿੰਘ ਪਹਿਲਵਾਨ ਅਤੇ ਮਾਝਾ ਦੇ ਹੋਰ ਆਗੂ ਮੰਚ 'ਤੇ ਮੌਜੂਦ ਸਨ। ਭਗਵੰਤ ਮਾਨ ਨੇ ਕਿਸਾਨਾਂ, ਖੇਤ-ਮਜ਼ਦੂਰਾਂ, ਮਨਰੇਗਾ ਅਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਦੇ ਹਵਾਲੇ ਨਾਲ ਕੈਪਟਨ ਸਰਕਾਰ, ਬਾਦਲਾਂ ਅਤੇ ਭਾਜਪਾ ਦੀ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਕੀਤੇ।
AAP Political Conference-2
ਕੈਪਟਨ ਅਮਰਿੰਦਰ ਸਿੰਘ ਦੇ 'ਸ਼ਾਹੀ ਖ਼ਾਨਦਾਨ' ਅਤੇ ਬਾਦਲ ਪਰਿਵਾਰ ਨੂੰ ਆੜੇ ਹੱਥੀ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਖ਼ਾਨਦਾਨਾਂ ਨੇ ਪੰਜਾਬ ਅਤੇ ਪੰਥ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਮਾਨ ਮੁਤਾਬਿਕ ਪਟਿਆਲਾ ਦੇ ਮਹਿਲਾਂ 'ਚ ਅੱਜ ਵੀ ਅਹਿਮਦ ਸ਼ਾਹ ਅਬਦਾਲੀ ਦਾ ਝੰਡਾ ਝੂਲਦਾ ਹੈ। ਜਿੱਥੇ 'ਸ਼ਾਹੀ ਪਰਿਵਾਰ' ਨੇ ਜੱਲਿਆਂਵਾਲਾ ਬਾਗ਼ 'ਚ ਖ਼ੂਨ ਦੀ ਹੋਲੀ ਖੇਡਣ ਵਾਲੇ ਜਨਰਲ ਡਾਇਰ ਨੂੰ 'ਸਨਮਾਨ ਪੱਤਰ' ਨਾਲ ਸਨਮਾਨਿਆ ਸੀ, ਉੱਥੇ ਬਾਦਲ ਦੇ ਕਰੀਬੀ ਮਜੀਠੀਆ ਪਰਿਵਾਰ ਨੇ ਜਨਰਲ ਡਾਇਰ ਨੂੰ ਖ਼ੂਨੀ ਸਾਕੇ ਵਾਲੀ ਰਾਤ ਰਾਤਰੀ ਭੋਜ (ਡਿਨਰ) ਅਤੇ ਬਾਅਦ 'ਚ ਸ੍ਰੀ ਦਰਬਾਰ ਸਾਹਿਬ ਤੋਂ ਸਿਰੋਪਾ ਦਿੱਤਾ।
AAP Political Conference-3
ਭਗਵੰਤ ਮਾਨ ਨੇ ਮਾਝੇ ਸਮੇਤ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕੈਪਟਨ-ਕਾਂਗਰਸ ਅਤੇ ਅਕਾਲੀ-ਭਾਜਪਾ ਤੋਂ ਪੱਕੇ ਤੌਰ 'ਤੇ ਖਹਿੜਾ ਛੁਡਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਾਅਦਿਆਂ ਤੋਂ ਮੁੱਕਰਨ ਅਤੇ ਪੰਜਾਬ ਨੂੰ ਦੋਵੇਂ ਹੱਥੀ ਲੁੱਟਣ ਵਾਲਿਆਂ ਨੂੰ ਹੁਣ ਹੋਰ ਪਰਖਣ ਦੀ ਜ਼ਰੂਰਤ ਨਹੀਂ ਰਹੀ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਦੇ ਮਾਫ਼ੀਆ ਰਾਜ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੰਭਾਲ ਕੇ ਲੁੱਟ ਹੋਰ ਤੇਜ਼ ਕਰ ਦਿੱਤੀ ਹੈ।