
ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਵਾਲਾ ਗੁਬਾਰਾ ਮਿਲਿਆ
ਕੋਟਕਪੂਰਾ, 15 ਅਕਤੂਬਰ (ਗੁਰਿੰਦਰ ਸਿੰਘ): ਮੁਹੰਮਦ ਅਲੀ ਜਿਨਾਹ ਦੀ ਫ਼ੋਟੋ ਵਾਲੇ 'ਪਾਕਿਸਤਾਨ ਜ਼ਿੰਦਾਬਾਦ' ਅਤੇ 'ਆਈ ਲਵ ਪਾਕਿਸਤਾਨ' ਦੇ ਨਾਹਰੇ ਲਿਖੇ ਗੁਬਾਰੇ ਦੇ ਮਿਲਣ ਨਾਲ ਪਿੰਡ ਚਹਿਲ ਦੇ ਵਾਸੀ ਡਰੇ ਹੋਏ ਹਨ ਤੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਨੇੜਲੇ ਪਿੰਡ ਚਹਿਲ ਦੇ ਖੇਤਾਂ 'ਚੋਂ ਇਕ ਅਜੀਬ ਕਿਸਮ ਦਾ ਗੁਬਾਰਾ ਮਿਲਣ ਨਾਲ ਖੇਤਾਂ ਦਾ ਮਾਲਕ ਅਤੇ ਆਸਪਾਸ ਵਾਲੇ ਕਿਸਾਨਾਂ 'ਚ ਡਰ ਦਾ ਮਾਹੌਲ ਪੈਦਾ ਹੋਣਾ ਸੁਭਾਵਕ ਹੈ। ਭਾਵੇਂ ਪੁਲਿਸ ਨੇ ਉਕਤ ਗੁਬਾਰਾ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਆਰੰਭ ਦਿਤੀ ਹੈ ਪਰ ਇਲਾਕਾ ਵਾਸੀ ਇਸ ਗੱਲੋਂ ਹੈਰਾਨ ਹਨ ਕਿ ਸਰਕਾਰ ਵਲੋਂ ਡਰੌਨ 'ਤੇ ਸਖ਼ਤ ਪਾਬੰਦੀ ਲਾਉਣ ਅਤੇ ਸਰਹੱਦ 'ਤੇ ਸਖਤ ਸੁਰੱਖਿਆ ਦੇ ਬਾਵਜੂਦ ਉਕਤ ਗੁਬਾਰਾ ਕਿਹੜੇ ਰਸਤੇ ਅਤੇ ਕਿਸ ਮਕਸਦ ਨਾਲ ਪਿੰਡ ਚਹਿਲ ਦੇ ਖੇਤਾਂ 'ਚ ਭੇਜਿਆ ਗਿਆ। ਉਕਤ ਖੇਤਾਂ ਦੇ ਮਾਲਕ ਕਿਸਾਨ ਇਕਬਾਲ ਸਿੰਘ ਨੇ ਦਸਿਆ ਕਿ ਜਦ ਉਹ ਅਪਣੇ ਖੇਤ 'ਚ ਗੇੜਾ ਮਾਰਨ ਗਿਆ ਤਾਂ ਉਸ ਨੂੰ ਹਰੇ ਅਤੇ ਚਿੱਟੇ ਰੰਗ ਦਾ ਇਕ ਵੱਡਾ ਗੁਬਾਰਾ ਦਿਸਿਆ, ਜਿਸ ਉੱਪਰ ਪਾਕਿਸਤਾਨ ਦੇ ਨਾਹਰੇ ਅੰਗਰੇਜ਼ੀ ਵਿਚ ਲਿਖੇ ਹੋਏ ਹਨ ਅਤੇ ਨਾਲ ਹੀ ਉਰਦੂ ਜਾਂ ਕਿਸੇ ਹੋਰ ਭਾਸ਼ਾ ਵਿਚ ਵੀ ਕੁੱਝ ਲਿਖਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਗੁਬਾਰੇ Àੁੱਪਰ ਪਾਕਿਸਤਾਨ ਦੇ ਲੀਡਰ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਵੀ ਛਪੀ ਹੋਈ ਹੈ।