
ਬਹਿਬਲ ਕਲਾਂ ਗੋਲੀਕਾਂਡ 'ਚ ਗ੍ਰਿਫ਼ਤਾਰ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਘਟਨਾ ਵਾਲੇ ਦਿਨ ਅਪਣੀ ਜਿਪਸੀ 'ਤੇ 12 ਬੋਰ ਦੀ ਬੰਦੂਕ ਨਾਲ ਫ਼ਾਇਰਿੰਗ........
ਕੋਟਕਪੂਰਾ : ਬਹਿਬਲ ਕਲਾਂ ਗੋਲੀਕਾਂਡ 'ਚ ਗ੍ਰਿਫ਼ਤਾਰ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਘਟਨਾ ਵਾਲੇ ਦਿਨ ਅਪਣੀ ਜਿਪਸੀ 'ਤੇ 12 ਬੋਰ ਦੀ ਬੰਦੂਕ ਨਾਲ ਫ਼ਾਇਰਿੰਗ ਕੀਤੇ ਜਾਣ ਵਾਲੇ ਦਾਅਵੇ ਦੇ ਮਾਮਲੇ 'ਚ ਘਿਰ ਗਏ ਹਨ। ਘਟਨਾ ਤੋਂ ਬਾਅਦ ਪੁਲਿਸ ਨੇ ਅਪਣੀ ਪੜਤਾਲ 'ਚ ਦਾਅਵਾ ਕੀਤਾ ਸੀ ਕਿ ਧਰਨਾਕਾਰੀਆਂ ਵਲੋਂ 12 ਬੋਰ ਦੀ ਬੰਦੂਕ ਨਾਲ ਐਸਐਸਪੀ ਦੀ ਜਿਸਪੀ 'ਤੇ ਫ਼ਾਇਰਿੰਗ ਕੀਤੀ ਗਈ ਸੀ। ਜਿਸ ਕਰਕੇ ਜਿਪਸੀ 'ਤੇ 18 ਨਿਸ਼ਾਨ ਪੈ ਗਏ ਸਨ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ ਕੈਪਟਨ ਸਰਕਾਰ ਵਲੋਂ ਗਠਿਤ ਕੀਤੀ ਗਈ
ਐਸਆਈਟੀ ਦੀ ਜਾਂਚ ਦੌਰਾਨ ਐਸਐਸਪੀ ਦੇ ਉਕਤ ਜਿਸਪੀ ਡਰਾਈਵਰ ਗੁਰਨਾਮ ਸਿੰਘ ਨੇ ਦਰਜ ਕਰਾਏ ਬਿਆਨਾਂ 'ਚ ਆਖਿਆ ਸੀ ਕਿ ਉਸ ਦਿਨ ਉਨ੍ਹਾਂ ਦੀ ਜਿਪਸੀ 'ਤੇ ਕੋਈ ਫ਼ਾਇਰਿੰਗ ਹੋਈ ਹੀ ਨਹੀਂ। ਬੀਤੇ ਕੱਲ ਐਸਆਈਟੀ ਨੇ ਜਿਪਸੀ ਦੇ ਡਰਾਈਵਰ ਗੁਰਨਾਮ ਸਿੰਘ ਤੋਂ ਉਸ ਦੇ ਫ਼ਾਇਰਿੰਗ ਨਾ ਹੋਣ ਦੇ ਬਿਆਨ ਨੂੰ ਸੀਆਰਪੀਸੀ ਦੀ ਧਾਰਾ 164 ਤਹਿਤ ਜੇ.ਐਮ.ਆਈ.ਸੀ. ਚੇਤਨ ਸ਼ਰਮਾ ਦੀ ਅਦਾਲਤ 'ਚ ਵੀ ਦਰਜ ਕਰਵਾ ਦਿਤਾ। ਬਹਿਬਲ ਕਲਾਂ ਗੋਲੀਕਾਂਡ ਦੇ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਧਰਨਾਕਾਰੀਆਂ 'ਤੇ ਪੁਲਿਸ ਫ਼ਾਇਰਿੰਗ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਸਭ ਤੋਂ ਵੱਡਾ ਤਰਕ ਪੇਸ਼ ਕੀਤਾ ਜਾਂਦਾ ਰਿਹਾ ਹੈ
ਕਿ ਉਸ ਦਿਨ ਜਦੋਂ ਪੁਲਿਸ ਪਾਰਟੀ ਰਾਸ਼ਟਰੀ ਰਾਜ ਮਾਰਗ 'ਤੇ ਦਿਤੇ ਜਾ ਰਹੇ ਧਰਨੇ ਨੂੰ ਸੜਕ ਤੋਂ ਸਾਈਡ 'ਤੇ ਕਰਵਾਉਣ ਪੁੱਜੀ ਤਾਂ ਧਰਨਾਕਾਰੀਆਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿਤਾ। ਇਸ ਦੌਰਾਨ ਚਰਨਜੀਤ ਸ਼ਰਮਾ ਐਸਐਸਪੀ ਜਿਪਸੀ 'ਤੇ ਫ਼ਾਇਰਿੰਗ ਵੀ ਕੀਤੀ ਗਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਪਹਿਲਾਂ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਹੁਣ ਐਸ.ਪੀ. ਬਿਕਰਮਜੀਤ ਸਿੰਘ ਨੂੰ ਰਾਹਤ ਦੇਣ ਤੋਂ ਬਾਅਦ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਵੀ ਹੁਣ ਹਾਈ ਕੋਰਟ 'ਚ ਅਪੀਲ ਦਾਇਰ ਕਰ ਦਿਤੀ ਹੈ।
ਗੋਲੀ ਨਾਲ ਮਾਰੇ ਗਏ ਨੌਜਵਾਨਾ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਵਾਰਕ ਮੈਂਬਰਾਂ ਕ੍ਰਮਵਾਰ ਸੁਖਰਾਜ ਸਿੰਘ ਅਤੇ ਸਾਧੂ ਸਿੰਘ ਨੇ ਹੈਰਾਨੀ ਪ੍ਰਗਟਾਈ ਹੈ ਕਿ ਜੇਕਰ ਉਕਤ ਪੁਲਿਸ ਅਧਿਕਾਰੀਆਂ ਨੂੰ ਹਾਈ ਕੋਰਟ ਵਲੋਂ ਇਸ ਤਰ੍ਹਾਂ ਰਾਹਤ ਦੇਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਐਸਆਈਟੀ ਵਲੋਂ ਕੀਤੀ ਜਾ ਰਹੀ ਜਾਂਚ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੈ।