
ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ‘ਭਈਆਂ’ ਨੂੰ ਪੰਜਾਬ ਨਾ ਆਉਣ ਦੇਣ ਸਬੰਧੀ ਬਿਆਨ ਦੇ ਰਹੇ ਸੀ ਤਾਂ ਪ੍ਰਿਯੰਕਾ ਗਾਂਧੀ ਵਾਡਰਾ ਤਾੜੀਆਂ ਮਾਰ ਰਹੇ ਸਨ।
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਿਰਫ਼ ਦੋ ਦਿਨ ਬਾਕੀ ਰਹਿ ਗਏ ਹਨ। ਇਸ ਦੌਰਾਨ ਸਾਰੀਆਂ ਪਾਰਟੀਆਂ ਦੇ ਦਿੱਗਜ਼ ਆਗੂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਹਿੰਦੇ ਹਨ ਕਿ ਪੰਜਾਬ ਵਿਚ ਯੂਪੀ-ਬਿਹਾਰ ਦੇ ‘ਭਈਏ’ ਨਹੀਂ ਆਉਣਗੇ। ਉਹਨਾਂ ਕਾਂਗਰਸ ਨੂੰ ਪੁੱਛਿਆ ਕਿ ਕੀ ਗੁਰੂ ਨਾਨਕ ਦੇਵ ਜੀ ਨੇ ਇਹੀ ਸੰਦੇਸ਼ ਦਿੱਤਾ ਸੀ?
ਉਹਨਾਂ ਕਿਹਾ ਕਿ ਕਾਂਗਰਸ ਲੋਕਾਂ ਨੂੰ ਵੰਡ ਕੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਕਾਂਗਰਸ 'ਚ ਦੋ ਲੋਕ ਬੱਲੇਬਾਜ਼ੀ ਕਰ ਰਹੇ ਹਨ, ਇਸ ਲਈ ਉਹਨਾਂ ਦਾ ਆਊਟ ਹੋਣਾ ਤੈਅ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ‘ਭਈਆਂ’ ਨੂੰ ਪੰਜਾਬ ਨਾ ਆਉਣ ਦੇਣ ਸਬੰਧੀ ਬਿਆਨ ਦੇ ਰਹੇ ਸੀ ਤਾਂ ਪ੍ਰਿਯੰਕਾ ਗਾਂਧੀ ਵਾਡਰਾ ਤਾੜੀਆਂ ਮਾਰ ਰਹੇ ਸਨ।
ਰਾਜਨਾਥ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਇਕ ਨੇ ਪੰਜਾਬ ਨੂੰ ਲੁੱਟਿਆ ਤੇ ਦੂਜੇ ਨੇ ਦਿੱਲੀ ਵਿਚ ਕੁਝ ਨਹੀਂ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਨੂੰ ਸਿਰਫ਼ ਭਾਜਪਾ ਹੀ ਰੋਕ ਸਕਦੀ ਹੈ। ਆਉ ਭਾਜਪਾ ਦੀ ਸਰਕਾਰ ਬਣਾਈਏ, ਫਿਰ ਦੇਖਦੇ ਹਾਂ ਕਿ ਨਸ਼ਾ ਕੌਣ ਵੇਚਦਾ ਹੈ। ਕਾਂਗਰਸ ਦੀ ਹਰ ਸਰਕਾਰ 'ਤੇ ਭ੍ਰਿਸ਼ਟ ਹੋਣ ਦੇ ਦੋਸ਼ ਲੱਗੇ ਪਰ ਕਿਸੇ ਭਾਜਪਾ ਸਰਕਾਰ 'ਤੇ ਅਜਿਹੇ ਦੋਸ਼ ਨਹੀਂ ਹਨ। ਸਿਰਫ਼ ਭਾਜਪਾ ਹੀ ਭ੍ਰਿਸ਼ਟਾਚਾਰ ਨੂੰ ਰੋਕ ਸਕਦੀ ਹੈ।
ਇਸ ਤੋਂ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਪਾਰਟੀ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ, ਸ਼ਵੇਤ ਮਲਿਕ, ਜਗਮੋਹਨ ਸਿੰਘ ਰਾਜੂ ਆਦਿ ਵੀ ਹਾਜ਼ਰ ਸਨ। ਉਹਨਾਂ ਨੇ ਹਰਿਮੰਦਰ ਸਾਹਿਬ ਦੀ ਵਿਜ਼ੀਟਰ ਬੁੱਟ ਵਿਚ ਅਪਣਾ ਸੰਦੇਸ਼ ਲਿਖਿਆ ਅਤੇ ਦਸਤਖ਼ਤ ਕੀਤੇ।