
ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਧੂਰੀ ਵਿਖੇ ਜ਼ਿਲ੍ਹੇ ਦੀ ਛੇਵੀਂ ਸਾਂਝੀ ਰਸੋਈ ਦਾ ਉਦਘਾਟਨ ਕੀਤੇ ਜਾਣ ਦੇ ਨਾਲ ਹੀ ਅੱਜ ਜ਼ਿਲ੍ਹਾ ਸੰਗਰੂਰ ਸਭ ਤੋਂ ਵੱਧ 'ਸਾਂਝੀ ...
ਧੂਰੀ, : ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਧੂਰੀ ਵਿਖੇ ਜ਼ਿਲ੍ਹੇ ਦੀ ਛੇਵੀਂ ਸਾਂਝੀ ਰਸੋਈ ਦਾ ਉਦਘਾਟਨ ਕੀਤੇ ਜਾਣ ਦੇ ਨਾਲ ਹੀ ਅੱਜ ਜ਼ਿਲ੍ਹਾ ਸੰਗਰੂਰ ਸਭ ਤੋਂ ਵੱਧ 'ਸਾਂਝੀ ਰਸੋਈ' ਸਥਾਪਤ ਕਰਨ ਵਾਲਾ ਰਾਜ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ | ਵਿਧਾਇਕ ਧੂਰੀ ਸ਼੍ਰੀ ਦਲਵੀਰ ਸਿੰਘ ਗੋਲਡੀ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਅੱਜ 'ਸਾਂਝੀ ਰਸੋਈ' ਦਾ ਉਦਘਾਟਨ ਕਰਦਿਆਂ ਕਿਹਾ ਕਿ ਮਹਿਜ਼ 10 ਰੁਪਏ ਵਿਚ ਸਸਤਾ ਤੇ ਪੌਸ਼ਟਿਕ ਭੋਜਨ ਮੁਹਈਆ ਕਰਵਾਉਣਾ ਮਨੁੱਖਤਾ ਦੀ ਸੇਵਾ ਹੈ ਅਤੇ ਅਜਿਹੇ ਉਦਮ ਲਗਾਤਾਰ ਜਾਰੀ ਰੱਖੇ ਜਾਣ ਦੀ ਲੋੜ ਹੈ |
ਇਸ ਮੌਕੇ ਵਿਧਾਇਕ ਸ਼੍ਰੀ ਗੋਲਡੀ ਨੇ ਡਿਪਟੀ ਕਮਿਸ਼ਨਰ ਵਲੋਂ ਕੀਤੇ ਜਾ ਰਹੇ ਉਦਮ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਗਰੀਬ ਤੇ ਲੋੜਵੰਦ ਲੋਕਾਂ ਲਈ ਇਹ ਸਾਂਝੀ ਰਸੋਈ ਵਰਦਾਨ ਸਾਬਤ ਹੋਵੇਗੀ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਸਮਾਜ ਸੇਵਾ ਦੇ ਇਸ ਕਾਰਜ ਨੂੰ ਲਗਾਤਾਰ ਜਾਰੀ ਰਖਿਆ ਜਾਵੇਗਾ | ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ 9 ਸਬ-ਡਵੀਜ਼ਨਾਂ ਵਿਚ ਇੱਕ ਮਹੀਨੇ ਦੇ ਅੰਦਰ-ਅੰਦਰ 'ਸਾਂਝੀ ਰਸੋਈ' ਸਥਾਪਤ ਹੋ ਜਾਵੇਗੀ |
ਉਨ੍ਹਾਂ ਕਿਹਾ ਕਿ ਸਾਂਝੀ ਰਸੋਈ ਰਾਹੀਂ ਜ਼ਿਲ੍ਹੇ ਵਿਚ ਸਾਲਾਨਾ 5 ਲੱਖ ਥਾਲੀਆਂ ਪਰੋਸਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਨੂੰ ਪੂਰਾ ਕਰ ਲਿਆ ਜਾਵੇਗਾ | ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇੱਕ ਸਾਂਝੀ ਰਸੋਈ ਵਿਚ ਔਸਤਨ 150 ਤੋਂ 200 ਲੋੜਵੰਦ ਭੋਜਨ ਖਾ ਰਹੇ ਹਨ ਅਤੇ 9 ਸਬ ਡਵੀਜ਼ਨਾਂ ਵਿਚ ਰੋਜ਼ਾਨਾ ਇਸ ਦਰ ਨਾਲ ਭੋਜਨ ਖਾਣ ਵਾਲਿਆਂ ਦੀ ਗਿਣਤੀ 1400 ਹੋਣ ਦੀ ਉਮੀਦ ਹੈ |
ਸ਼੍ਰੀ ਥੋਰੀ ਨੇ ਕਿਹਾ ਕਿ ਸਬ-ਡਵੀਜ਼ਨ ਪੱਧਰ 'ਤੇ 'ਸਾਂਝੀ ਰਸੋਈ' ਸ਼ੁਰੂ ਕਰਨ ਮਗਰੋਂ ਤਹਿਸੀਲ ਪੱਧਰ 'ਤੇ ਵੀ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਉਠਾ ਸਕਣ | ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਸ਼੍ਰੀ ਅਮਰੇਸ਼ਵਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁੰਨ ਦੇ ਅਜਿਹੇ ਕਾਰਜ ਹਮੇਸ਼ਾਂ ਜਾਰੀ ਰੱਖੇ ਜਾਣ ਕਿਉਂਕਿ ਗਰੀਬਾਂ ਨੂੰ ਭੋਜਨ ਮੁਹਈਆ ਕਰਵਾਉਣਾ ਨੇਕ ਕਾਰਜ ਹੁੰਦਾ ਹੈ |