
ਯੂ.ਟੀ. ਪ੍ਰਸ਼ਾਸਨ ਵਲੋਂ ਆਜ਼ਾਦੀ ਦਿਵਸ 'ਤੇ 15 ਅਗੱਸਤ ਨੂੰ ਪਰੇਡ ਗਰਾਊਂਡ ਸੈਕਟਰ 17 'ਚ ਮੁੱਖ ਸਮਾਗਮ ਕਰਵਾਇਆ...........
ਚੰਡੀਗੜ੍ਹ : ਯੂ.ਟੀ. ਪ੍ਰਸ਼ਾਸਨ ਵਲੋਂ ਆਜ਼ਾਦੀ ਦਿਵਸ 'ਤੇ 15 ਅਗੱਸਤ ਨੂੰ ਪਰੇਡ ਗਰਾਊਂਡ ਸੈਕਟਰ 17 'ਚ ਮੁੱਖ ਸਮਾਗਮ ਕਰਵਾਇਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਬਤੌਰ ਮੁੱਖ ਮਹਿਮਾਨ ਕੌਮੀ ਤਿਰੰਗਾ ਲਹਿਰਾਇਆ ਅਤੇ ਇਨਾਮ ਵੰਡ ਸਮਾਰੋਹ 'ਚ ਹਿਸਾ ਲਿਆ। ਇਸ ਮੌਕੇ ਉਨ੍ਹਾਂ ਨੇ ਚੰਡੀਗੜ੍ਹ ਪੁਲਿਸ, ਪ੍ਰਸ਼ਾਸਨ ਦੇ ਸਿਵਲ ਅਧਿਕਾਰੀਆਂ ਅਤੇ ਆਜ਼ਾਦੀ ਘੁਲਾਟੀਆਂ, ਸਮਾਜ ਸੇਵਾ 'ਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ 40 ਤੋਂ ਵੱਧ ਸ਼ਖ਼ਸੀਅਤਾਂ ਨੂੰ ਪ੍ਰਸ਼ੰਸਾ ਪੱਤਰ, ਪੁਲਿਸ ਮੈਡਲ ਅਤੇ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਚੰਡੀਗੜ੍ਹ ਪੁਲਿਸ ਦੀ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਸ੍ਰੀਮਤੀ ਵਿਜੈ ਨਿਲਾਂਬਰੀ ਜਗਦਾਲੇ, ਗ੍ਰਹਿ ਸਕੱਤਰ ਅਰੁਣ ਗੁਪਤਾ, ਡੀਸੀ ਅਜੀਤ ਬਾਲਾਜੀ ਜੋਸ਼ੀ ਸਮੇਤ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਨੇ ਚੰਡੀਗੜ੍ਹ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਉਣ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਸ਼ਹਿਰ ਬਣਾਉਣ ਦਾ ਭਰੋਸਾ ਤਿਦਾ। ਉਨ੍ਹਾਂ ਨੇ ਚੰਡੀਗੜ੍ਹ ਵਾਸੀਆਂ ਨੂੰ ਸੋਹਣੇ ਸ਼ਹਿਰ ਨੂੰ ਵੱਧ ਤੋਂ ਵੱਧ ਆਧੁਨਿਕ ਬਣਾਉਣ ਅਤੇ ਪ੍ਰਸ਼ਾਸਨ ਅਧੀਨ ਚੱਲ ਰਹੇ ਪ੍ਰਾਜੈਕਟਾਂ 'ਤੇ ਤਸੱਲੀ ਪ੍ਰਗਟ ਕੀਤੀ।
ਉਨ੍ਹਾਂ ਚੰਡੀਗੜ੍ਹ ਪੁਲਿਸ ਦੇ ਉਚ ਅਧਿਥਾਰੀ ਵਲੋਂ ਸ਼ਹਿਰ ਨੂੰ ਕਰਾਈਮ ਮੁਕਤ ਸਿਟੀ ਬਣਾਉਣ ਲਈ ਚਲਾਏ ਜਾ ਰਹੇ ਯਤਨਾਂ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ।
ਸਮਾਗਮ ਦੇ ਅਖ਼ੀਰ ਉਨ੍ਹਾਂ ਨੇ ਚੰਡੀਗੜ੍ਹ ਵਾਸੀਆਂ ਅਤੇ ਵੱਖ ਵੱਖ ਖੇਤਰਾਂ 'ਚ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿਤੀ।