
ਧਾਰਮਕ ਬੇਅਦਬੀਆਂ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਨੁਕਰੇ ਲੱਗੇ ਅਕਾਲੀ ਦਲ ਨੇ ਅਪਣੀ ਭਾਈਵਾਲ ਪਾਰਟੀ ਬੀਜੇਪੀ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਕੋਲ ਪੁਕਾਰ ਕੀਤੀ.......
ਚੰਡੀਗੜ੍ਹ : ਧਾਰਮਕ ਬੇਅਦਬੀਆਂ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਨੁਕਰੇ ਲੱਗੇ ਅਕਾਲੀ ਦਲ ਨੇ ਅਪਣੀ ਭਾਈਵਾਲ ਪਾਰਟੀ ਬੀਜੇਪੀ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਕੋਲ ਪੁਕਾਰ ਕੀਤੀ ਕਿ ਮੌਜੂਦਾ ਕਾਂਗਰਸ ਸਰਕਾਰ ਬਰਗਾੜੀ ਵਿਚ 138 ਦਿਨਾਂ ਤੋਂ ਬੈਠੇ ਗਰਮਦਲੀਆਂ ਨੂੰ ਨਾ ਸਿਰਫ਼ ਸ਼ਹਿ ਦੇ ਰਹੀ ਹੈ ਸਗੋਂ ਇਸ ਦੇ ਮੰਤਰੀ, ਵਿਧਾਇਕ ਤੇ ਹੋਰ ਨੇਤਾ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਸਾਜ਼ਸ਼ ਰਚ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਵਿਚ ਉੱਚ ਪਧਰੀ ਡੈਲੀਗੇਸ਼ਨ ਨੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਪੌਣਾ ਘੰਟਾ ਗੱਲਬਾਤ ਕਰ ਕੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਤੋਂ ਜਾਣੂੰ ਕਰਵਾਇਆ ਅਤੇ ਕਾਂਗਰਸ ਸਰਕਾਰ ਦੀਆਂ ਕਥਿਤ ਨਾਕਾਮੀਆਂ ਦਾ ਜ਼ਿਕਰ ਕੀਤਾ। ਰਾਜ ਭਵਨ ਤੋਂ ਬਾਹਰ ਆ ਕੇ ਦਰਜਨ ਤੋਂ ਵੱਧ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਇਨ੍ਹਾਂ ਦੋਹਾਂ ਲੀਡਰਾਂ ਸ਼ਵੇਤ ਮਲਿਕ ਤੇ ਸੁਖਬੀਰ ਬਾਦਲ ਨੇ ਮੀਡੀਆ ਨੂੰ ਦਸਿਆ ਕਿ ਮੁੱਖ ਮੰਤਰੀ ਅਤੇ ਉਸ ਦੇ ਸਾਥੀ ਕਾਂਗਰਸ ਪ੍ਰਧਾਨ ਤੇ ਕਈ ਮੰਤਰੀ, ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤ ਕਰਦੇ ਹਨ
ਕਿ ਅਕਾਲੀ ਨੇਤਾਵਾਂ ਤੇ ਉਨ੍ਹਾਂ ਦੁਆਰਾ ਸੰਬੋਧਨ ਕੀਤੇ ਜਾ ਰਹੇ ਸਮਾਗਮਾਂ ਵਿਚ ਹੰਗਾਮਾ ਕੀਤਾ ਜਾਵੇ, ਉਨ੍ਹਾਂ ਨੂੰ ਬੋਲਣ ਨਾ ਦਿਤਾ ਜਾਵੇ ਅਤੇ ਹਥਿਆਰਾਂ ਨਾਲ ਹਮਲਾ ਵੀ ਕੀਤਾ ਜਾਵੇ। ਸੁਖਬੀਰ ਬਾਦਲ ਨੇ ਸਾਫ਼-ਸਾਫ਼ ਕਿਹਾ ਕਿ ਬਰਗਾੜੀ ਵਿਚ ਬੈਠੇ ਸਿੱਖ ਗਰਮਦਲੀਏ, ਦੇਸ਼ ਨੂੰ ਵੰਡਣਾ ਚਾਹੁੰਦੇ ਹਨ ਤੇ ਕਾਂਗਰਸ ਸਰਕਾਰ ਉਨ੍ਹਾਂ ਦੀ ਪੂਰੀ ਪਿੱਠ ਠੋਕ ਰਹੀ ਹੈ। ਪੰਜਾਬ ਸਰਕਾਰ ਦੀਆਂ ਪਿਛਲੀਆਂ ਪੌਣੇ 2 ਸਾਲ ਦੀਆਂ ਪ੍ਰਾਪਤੀਆਂ ਬਾਰੇ ਸ਼ਵੇਤ ਮਲਿਕ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਸਾਰੀ ਸਰਕਾਰ ਕੇਵਲ ਇਕੋ ਏਜੰਡੇ 'ਤੇ ਲੱਗੀ ਹੋਈ ਹੈ ਕਿ 'ਅਕਾਲੀ ਨੇਤਾ ਮਾੜੇ ਹਨ' ਪਰ ਲੋਕਾਂ ਦੀਆਂ ਮੁਸ਼ਕਲਾਂ ਵਲ ਕਿਸੇ ਲੀਡਰ ਦਾ ਧਿਆਨ ਨਹੀਂ ਹੈ।
ਕਿਸਾਨਾਂ, ਅਧਿਆਪਕਾਂ, ਸਰਕਾਰੀ ਕਰਮਚਾਰੀਆਂ, ਗ਼ਰੀਬ ਤਬਕੇ ਦੀਆਂ ਮੰਗਾਂ ਨੂੰ ਇਹ ਕਹਿ ਕੇ ਠੁਕਰਾ ਦਿਤਾ ਜਾਂਦਾ ਹੈ ਕਿ ਖ਼ਜ਼ਾਨੇ ਵਿਚ ਪੈਸਾ ਨਹੀਂ ਹੈ।
ਵਫ਼ਦ ਵਿਚ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ, ਤੀਕਸ਼ਣ ਸੂਦ, ਸੋਮ ਪ੍ਰਕਾਸ਼, ਪ੍ਰੋ .ਰਾਜਿੰਦਰ ਭੰਡਾਰੀ, ਅਕਾਲੀ ਦਲ ਤੋਂ ਜਥੇਦਾਰ ਤੋਤਾ ਸਿੰਘ, ਬਲਵਿੰਦਰ ਭੂੰਦੜ, ਹੀਰਾ ਸਿੰਘ ਗਾਬੜੀਆ, ਬੀਬੀ ਜਗੀਰ ਕੌਰ, ਬਿਕਰਮ ਮਜੀਠੀਆ, ਸ਼ਰਨਜੀਤ ਢਿੱਲੋਂ, ਡਾ. ਦਲਜੀਤ ਸਿੰਘ ਚੀਮਾ, ਪਵਨ ਟੀਨੂੰ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਗਰੇਵਾਲ, ਵਿਰਸਾ ਸਿੰਘ ਵਲਟੋਹਾ ਤੇ ਹੋਰ ਨੇਤਾ ਸ਼ਾਮਲ ਸਨ।