
ਸੁਖਬੀਰ ਵਲੋਂ ਸਪੋਕਸਮੈਨ ਤੇ ਚੈਨਲ ਦੇ ਬਾਈਕਾਟ ਦਾ ਸੱਦਾ ਉਨ੍ਹਾਂ ਦਾ ਨਿਜੀ ਵਿਚਾਰ, ਪਾਰਟੀ ਦਾ ਨਹੀਂ : ਬ੍ਰਹਮਪੁਰਾ, ਡਾ. ਅਜਨਾਲਾ, ਸੇਖਵਾਂ
ਤਰਨਤਾਰਨ : ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਇਸ ਦਾ ਬਾਈਕਾਟ ਕਰਨ ਦਾ ਸੱਦਾ ਦੇਣਾ ਗ਼ੈਰ ਲੋਕਤੰਤਰੀ ਹੈ। ਅਕਾਲੀ ਦਲ ਹਮੇਸ਼ਾ ਤੋਂ ਪ੍ਰੈਸ ਦੀ ਆਜ਼ਾਦੀ ਦਾ ਹਾਮੀ ਰਿਹਾ ਹੈ। ਪਟਿਆਲਾ ਰੈਲੀ ਵਿਚ ਸੁਖਬੀਰ ਸਿੰਘ ਬਾਦਲ ਨੇ ਜੋ ਸਪੋਕਸਮੈਨ ਤੇ ਚੈਨਲ ਦੇ ਬਾਈਕਾਟ ਦਾ ਸੱਦਾ ਦਿਤਾ ਹੈ ਇਹ ਉਨ੍ਹਾਂ ਦੇ ਨਿਜੀ ਵਿਚਾਰ ਹਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਤੋਂ ਹੀ ਲੋਕਤੰਤਰ ਦਾ ਹਾਮੀ ਰਿਹਾ ਹੈ ਤੇ ਹਰ ਇਕ ਨੂੰ ਅਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ। ਆਗੂਆਂ ਨੇ ਕਿਹਾ ਕਿ ਕਿਸੇ ਨੂੰ ਵੀ ਅਜ਼ਾਦਾਨਾ ਤੌਰ 'ਤੇ ਗੱਲ ਕਹਿਣ ਤੋਂ ਰੋਕਣਾ ਮਤਲਬ ਇਹ ਹੈ ਕਿ ਤੁਸੀਂ ਪ੍ਰੈਸ ਦੀ ਆਜ਼ਾਦੀ ਨੂੰ ਬਰਦਾਸ਼ਤ ਨਹੀਂ ਕਰ ਰਹੇ।
ਆਗੂਆਂ ਨੇ ਕਿਹਾ ਕਿ ਜੇਕਰ ਪ੍ਰੈਸ ਆਜ਼ਾਦ ਨਾ ਹੋਵੇ ਤਾਂ ਪਤਾ ਨਹੀਂ ਦੁਨੀਆਂ ਦਾ ਕੀ ਹਾਲ ਹੋਵੇ। ਪੰਜਾਬ ਦੀ ਰਾਜਨੀਤੀ ਵਿਚ ਮਾਝੇ ਦੇ ਥੰਮ ਜਾਣੇ ਜਾਂਦੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਰਤਨ ਸਿੰਘ ਅਜਨਾਲਾ, ਸਾਬਕਾ ਲੋਕ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਵਿਧਾਇਕ ਅਮਰਪਾਲ ਸਿੰਘ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ,
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਸਾਬਕਾ ਮੈਂਬਰ ਜਥੇਦਾਰ ਬਲਦੇਵ ਸਿੰਘ ਐਮ ਏ ਨੇ ਕੀਤਾ। ਇਹ ਸਾਰੇ ਆਗੂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਏ ਹੋਏ ਸਨ। ਪੱਤਰਕਾਰਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੌਦਾ ਸਾਧ ਨੂੰ ਮਾਫ਼ ਕਰਵਾਉਣਾ ਅਕਾਲੀ ਦਲ ਦੀ ਗ਼ਲਤੀ ਸੀ ਤੇ ਇਸ ਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ। ਜੇ ਗ਼ਲਤੀਆਂ ਨਾ ਹੁੰਦੀਆਂ ਤੇ ਅੱਜ ਅਸੀ ਇੱਕਠੇ ਨਾ ਹੁੰਦੇ। ਆਗੂਆਂ ਨੇ ਕਿਹਾ ਕਿ ਅੱਜ ਅਸੀ ਅਕਾਲ ਪੁਰਖ ਅੱਗੇ ਅਰਦਾਸ ਕਰਨ ਆਏ ਹਾਂ ਕਿ ਪੰਥ ਦੀ ਚੜ੍ਹਦੀ ਕਲਾ ਹੋਵੇ।
ਇਹ ਸਾਰੇ ਆਗੂ ਅਕਾਲ ਤਖ਼ਤ ਸਾਹਿਬ ਵੀ ਗਏ ਤੇ ਉਥੇ ਸਾਰਿਆਂ ਵਲੋਂ ਮਾਝੇ ਦੇ ਜਰਨੈਲ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਰਦਾਸ ਕੀਤੀ। ਇਸ ਮੌਕੇ ਜਥੇਦਾਰ ਸੇਖਵਾਂ ਨੇ ਕਿਹਾ ਕਿ ਜੋ ਅਰਦਾਸ ਅਪਣੇ ਮਨ ਵਿਚ ਲੈ ਕੇ ਆਏ ਹਾਂ ਉਹ ਗੁਰੂ ਚਰਨਾਂ ਵਿਚ ਰੱਖੀ ਹੈ। ਸਿਆਸੀ ਗੱਲ ਕਰਨ ਤੋਂ ਗੁਰੇਜ਼ ਕਰਦੇ ਨਜ਼ਰ ਆ ਰਹੇ ਮਾਝੇ ਦੇ ਸਾਰੇ ਆਗੂਆਂ ਨੇ ਵਾਰ ਵਾਰ ਕਿਹਾ ਕਿ ਗੁਰੂ ਘਰ ਆਉਣ ਦਾ ਮਕਸਦ ਇਹ ਹੈ ਜ਼ਿੰਦਗੀ ਵਿਚ ਹੋਈਆਂ ਭੁੱਲਾਂ ਦੀ ਮਾਫ਼ੀ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਮਾਫ਼ੀ ਮੰਗਣਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੈਨੇਜਰ ਬਲਦੇਵ ਸਿੰਘ ਅਤੇ ਮਹਿੰਦਰ ਸਿੰਘ ਭਿੰਡੀ ਵੀ ਹਾਜ਼ਰ ਸਨ।