
ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ 'ਚ ਢਾਈ ਗੁਣਾ ਵਾਧਾ ਕਰਨ...
ਚੰਡੀਗੜ੍ਹ, 17 ਦਸੰਬਰ (ਨੀਲ) : ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ 'ਚ ਢਾਈ ਗੁਣਾ ਵਾਧਾ ਕਰਨ ਸਬੰਧੀ ਭੇਜੇ ਪ੍ਰਸਤਾਵ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅਜਿਹਾ ਕਰਨਾ ਪੰਜਾਬ ਦੀ ਜਨਤਾ ਨਾਲ ਨਿਰਾ ਧੋਖਾ ਹੈ, ਕਿਉਂਕਿ ਇਕ ਪਾਸੇ ਸਰਕਾਰੀ ਖ਼ਜ਼ਾਨਾ ਖ਼ਾਲੀ ਹੋਣ ਦੀਆਂ ਦੁਹਾਈਆਂ ਪਾਈਆਂ ਜਾ ਰਹੀਆਂ ਹਨ, ਪਰ ਪਹਿਲਾਂ ਹੀ ਇਕ-ਇਕ ਲੱਖ ਰੁਪਏ ਤੋਂ ਵਧ ਤਨਖ਼ਾਹਾਂ ਲੈ ਰਹੇ ਵਿਧਾਇਕਾਂ ਦੀ ਤਨਖ਼ਾਹ ਹੋਰ ਵਧਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਅਤੇ ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਵੇਲੇ ਚੋਣ-ਮੈਨੀਫ਼ੈਸਟੋ ਰਾਹੀਂ ਅਨੇਕਾਂ ਵਾਅਦੇ ਕਰਕੇ ਸੱਤਾ 'ਚ ਆਉਣ ਵਾਲੇ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਲੋਕ ਮਸਲਿਆਂ ਤੋਂ ਮੂੰਹ ਫੇਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਖ਼ਜ਼ਾਨਾ ਭਰਨ ਸਬੰਧੀ ਅਪਣੇ ਖ਼ਰਚੇ ਘੱਟ ਕਰਨ ਦਾ ਬਿਆਨ ਦਿਤਾ ਸੀ, ਜੋ ਕਿ ਹੁਣ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਪ੍ਰਸਤਾਵ 'ਤੇ ਸਹਿਮਤੀ ਜਤਾ ਰਹੇ ਹਨ।
ਪੰਜਾਬ ਵਿਚ ਇਕ ਪਾਸੇ ਸਰਕਾਰੀ ਸਕੂਲਾਂ 'ਚ ਵੱਡੀ ਪੱਧਰ 'ਤੇ ਅਧਿਆਪਕ ਅਸਾਮੀਆਂ ਖ਼ਾਲੀ ਹਨ, ਦੂਜੇ ਪਾਸੇ ਕਰੀਬ 50 ਹਜ਼ਾਰਾਂ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਹਨ ਅਤੇ ਸਰਕਾਰ ਵਲੋਂ ਅਧਿਆਪਕ ਭਰਤੀ ਕੀਤੇ ਜਾਣ ਦਾ ਇਸ਼ਤਿਹਾਰ ਉਡੀਕ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਦੋਂ ਤਕ ਨੌਜਵਾਨਾਂ ਨੂੰ ਰੁਜ਼ਗਾਰ ਨਹੀਂਂ ਦੇ ਸਕਦੀ, ਤਾਂ ਵਾਅਦੇ ਮੁਤਾਬਕ ਬੇਰੁਜ਼ਗਾਰੀ ਭੱਤਾ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਪੰਜਾਬ ਸਰਕਾਰ ਦੇ ਇਨ੍ਹਾਂ ਲੋਕ-ਮਾਰੂ ਫ਼ੈਸਲਿਆਂ ਦਾ ਵਿਰੋਧ ਕਰਨ ਅਤੇ ਅਧਿਆਪਕ ਭਰਤੀ ਇਸ਼ਤਿਹਾਰ ਜਾਰੀ ਕਰਵਾਉਣ ਸਬੰਧੀ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਸੂਬਾ ਕਮੇਟੀ ਦੀ ਮੀਟਿੰਗ ਸੱਦੀ ਹੈ।