ਕੈਪਟਨ ਸਰਕਾਰ ਵਲੋਂ ਲੁਧਿਆਣਾ ਸਾਈਕਲ ਵੈਲੀ ‘ਚ ਹੀਰੋ ਸਾਈਕਲਜ਼ ਨੂੰ 100 ਏਕੜ ਜ਼ਮੀਨ ਅਲਾਟ ਲਈ ਸਮਝੌਤਾ
Published : Jan 18, 2019, 5:20 pm IST
Updated : Jan 18, 2019, 5:20 pm IST
SHARE ARTICLE
Allot 100 acres to Hero Cycles in Ludhiana
Allot 100 acres to Hero Cycles in Ludhiana

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ...

ਚੰਡੀਗੜ੍ਹ : ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ਵਿਚ ਆਲਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲਜ਼ ਲਿਮੀਟਡ ਨੂੰ 100 ਏਕੜ ਜਮੀਨ ਅਲਾਟ ਕਰਨ ਦਾ ਸਮਝੌਤਾ ਕੀਤਾ ਗਿਆ ਜਿਸ ਨਾਲ ਲੁਧਿਆਣਾ ਦੇ ਹਾਈਟੈਕ ਸਾਈਕਲ, ਈ-ਬਾਈਕ, ਈ-ਵਹੀਕਲ ਅਤੇ ਲਾਈਟ ਇੰਜੀਨੀਅਰਿੰਗ ਇੰਡਸਟਰੀ ਨੂੰ ਵੱਡਾ ਹੁਲਾਰਾ ਮਿਲੇਗਾ। 

ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ਵਿਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੇ ਐਮ.ਡੀ. ਰਾਹੁਲ ਭੰਡਾਰੀ ਅਤੇ ਹੀਰੋ ਸਾਈਕਲਜ਼ ਲਿਮੀਟਡ ਦੇ ਚੇਅਰਮੈਨ ਪੰਕਜ ਮੁਝਾਲ ਨੇ ਇਸ ਸਬੰਧੀ ਇਕ ਸਮਝੌਤੇ ’ਤੇ ਹਸਤਾਖ਼ਰ ਕੀਤੇ। ਇਸ ਮੌਕੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। 

ਉਦਯੋਗ, ਸੀ.ਆਈ.ਆਈ., ਪੀ.ਐਚ.ਡੀ. ਚੈਂਬਰ ਆਫ ਕਾਮਰਸ ਅਤੇ ਨਿਵੇਸ਼ਕਾਂ ਦੀਆਂ ਹੋਰ ਨੁਮਾਇੰਦਾ ਐਸੋਸੀਏਸ਼ਨਾਂ ਦੀ ਇਹ ਮੰਗ ਸੀ ਕਿ ਲੁਧਿਆਣਾ ਨੇੜੇ ਆਧੁਨਿਕ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਾਲਾ ਇਕ ਨਵਾਂ ਉਦਯੋਗਿਕ ਪਾਰਕ ਸਥਾਪਤ ਕੀਤਾ ਜਾਵੇ। ਇਸ ਸੰਦਰਭ ਵਿਚ ਹੀ ਪੰਜਾਬ ਸਰਕਾਰ ਨੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਬਿਲਕੁਲ ਨੇੜੇ ਪਿੰਡ ਧਨਾਨਸੂ ਵਿਖੇ 380 ਏਕੜ ਰਕਬੇ ਵਿਚ ਪੀ.ਐਸ.ਆਈ.ਈ.ਸੀ. ਰਾਹੀਂ ਹਾਈਟੈਕ ਸਾਈਕਲ ਵੈਲੀ ਸਥਾਪਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿਤੀ। 

ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰਾਜੈਕਟ ਹੀਰੋ ਸਾਈਕਲ ਲਿਮੀਟਡ ਅਤੇ ਇਸ ਦੇ ਨਾਲ ਜੁੜੇ ਸਪਲਾਇਰਾਂ/ਸਹਾਇਕ ਉਦਯੋਗਿਕ ਯੂਨਿਟਾਂ ਰਾਹੀਂ 400 ਕਰੋੜ ਰੁਪਏ ਦਾ ਨਿਵੇਸ਼ ਲਿਆਵੇਗਾ ਅਤੇ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ। ਉਨਾਂ ਕਿਹਾ ਕਿ ਇਸ ਉਦਯੋਗਿਕ ਪਾਰਕ ਦੀ ਸਮਰੱਥਾ ਸਾਲਾਨਾ 4 ਮਿਲੀਅਨ ਸਾਈਕਲ ਤਿਆਰ ਕਰਨ ਦੀ ਹੋਵੇਗੀ ਅਤੇ ਇਹ ਪ੍ਰਾਜੈਕਟ 36 ਮਹੀਨਿਆਂ ਵਿਚ ਅਮਲ ’ਚ ਆਵੇਗਾ।

ਉਦਯੋਗ ਤੇ ਵਪਾਰ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੀਰੋ ਸਾਈਕਲਜ਼ ਲਿਮੀਟਡ ਦੀ ਚੋਣ ਉਦੇਸ਼, ਮੁਕਾਬਲਾ ਅਤੇ ਤਕਨੀਕੀ ਬੋਲੀ ਪ੍ਰਿਆ ਰਾਹੀਂ ‘ਪ੍ਰਾਜਕੈਟ ਕੰਪਨੀ’ ਵਜੋਂ ਕੀਤੀ ਗਈ ਹੈ ਜਿਸ ਤਹਿਤ ਸਾਈਕਲ, ਈ-ਬਾਈਕ ਵਰਗੇ ਵਹੀਕਲਾਂ ਨੂੰ ਬਣਾਉਣ ਲਈ ਐਂਕਰ ਯੂਨਿਟ ਸਥਾਪਤ ਕਰਨ ਦੇ ਨਾਲ-ਨਾਲ ਹਾਈਟੈੱਕ ਵੈਲੀ ਵਿਚ ਸਹਾਇਕ ਸਨਅਤੀ ਯੂਨਿਟਾਂ ਸਮੇਤ ਉਦਯੋਗਿਕ ਪਾਰਕ ਨੂੰ ਵਿਕਸਤ ਕੀਤਾ ਜਾਵੇਗਾ।

ਅਲਾਟ ਕੀਤੀ ਜ਼ਮੀਨ ਵਿਚ ਸਮੁੱਚੇ ਉਦਯੋਗਿਕ ਪਾਰਕ ਦਾ ਵਿਕਾਸ ਕਰਨ ਦੀ ਜ਼ਿੰਮੇਵਾਰੀ ਹੀਰੋ ਸਾਈਕਲਜ਼ ਲਿਮੀਟਡ ਦੀ ਹੋਵੇਗੀ। ਇਸ ਪ੍ਰਸਤਾਵਿਤ ਪ੍ਰਾਜੈਕਟ ਤਹਿਤ ਹੀਰੋ ਸਾਈਕਲਜ਼ ਲਿਮਟਡ ਵਲੋਂ 50 ਏਕੜ ਰਕਬੇ ਨੂੰ ਅਪਣੇ ਐਂਕਰ ਯੂਨਿਟ ਵਜੋਂ ਵਿਕਸਤ ਕੀਤਾ ਜਾਵੇਗਾ ਜਦਕਿ ਬਾਕੀ 50 ਏਕੜ ਰਕਬੇ ਲਈ ਕੌਮੀ ਅਤੇ ਕੌਮਾਂਤਰੀ ਮੈਨੂਫੈਕਚਰਿੰਗ ਕੰਪਨੀਆਂ ਨੂੰ ਸਹਾਇਕ ਯੂਨਿਟ ਲਾਉਣ ਦਾ ਸੱਦਾ ਦਿਤਾ ਜਾਵੇਗਾ।

ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਹੀਰੋ ਸਾਈਕਲਜ਼ ਲਿਮੀਟਡ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਉਹ ਨਿੱਜੀ ਤੌਰ ’ਤੇ ਸੂਬਾ ਸਰਕਾਰ ਦੇ ਰਿਣੀ ਹਨ। ਉਨਾਂ ਨੇ ਉਮੀਦ ਜ਼ਾਹਰ ਕੀਤੀ ਕਿ ਲੁਧਿਆਣਾ ਵਿਖੇ ਹਾਈਟੈਕ ਸਾਈਕਲ ਵੈਲੀ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਨਮੂਨੇ ਦੇ ਤੌਰ ’ਤੇ ਉੱਭਰੇਗੀ ਜੋ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਵੇਗੀ।

ਸ੍ਰੀ ਮੁੰਜਾਲ ਨੇ ਦੱਸਿਆ ਕਿ ਇਕੱਲਾ ਹੀਰੋ ਗਰੁੱਪ ਸਾਲਾਨਾ 10 ਮਿਲੀਅਨ ਸਾਈਕਲ ਬਣਾਉਦਾ ਹੈ ਜੋ ਵਿਸ਼ਵ ਵਿਚ ਬਣਦੇ ਕੁੱਲ ਸਾਈਕਲਾਂ ਦਾ 7.5 ਫੀਸਦੀ ਹੈ। ਉਨਾਂ ਦੱਸਿਆ ਕਿ ਧਨਾਨਸੂ ਵਿਖੇ ਬਣਨ ਜਾ ਰਹੀ ਹਾਈਟੈਕ ਸਾਈਕਲ ਵੈਲੀ ਭਾਰਤ ਅਤੇ ਯੂਰਪ ਵਿਚ ਸਾਈਕਲ ਦੇ ਉਤਪਾਦਨ ਦੀ 50 ਫ਼ੀਸਦੀ ਮੰਗ ਪੂਰੀ ਕਰੇਗੀ। ਉਨਾਂ ਕਿਹਾ ਕਿ ਉਤਪਾਦਨ ਦਾ ਸਮੁੱਚਾ ਕੰਮ ਜਰਮਨੀ ਵਿਚ ਸਿਖਲਾਈਯਾਫਤਾ ਵਰਕਰਾਂ ਦੀ ਟੀਮ ਵਲੋਂ ਕੀਤਾ ਜਾਵੇਗਾ।

ਹੀਰੋ ਸਾਈਕਲਜ਼ ਲਿਮੀਟਡ ਨੇ ਉਦਯੋਗਿਕ ਪਾਰਕ ਵਿਚ ਸਹਾਇਕ ਸਨਅਤੀ ਯੂਨਿਟਾਂ ਦੀ ਸਥਾਪਨਾ ਲਈ ਅਤਿ ਆਧੁਨਿਕ ਤਕਨਾਲੋਜੀ ਵਾਲੇ ਆਲਮੀ ਪੱਧਰ ’ਤੇ ਪ੍ਰਸਿੱਧ ਮੈਨੂਫੈਕਚਰਿੰਗ ਕੰਪਨੀਆਂ ਨੂੰ ਸੱਦਾ ਦਿਤਾ ਹੈ। ਹੀਰੋ ਸਾਈਕਲਜ਼ ਲਿਮੀਟਡ ਨੂੰ ਇਹ ਜ਼ਮੀਨ ਨਾ ਸਿਰਫ਼ ਉਦਯੋਗਿਕ ਮੰਤਵ ਲਈ ਵਰਤੋਂ ਕਰਨ ਵਾਸਤੇ ਦਿਤੀ ਗਈ ਹੈ ਸਗੋਂ ਵੇਅਰਹਾਊਸਿੰਗ, ਲੌਜਿਸਟਿਕਜ਼, ਖੋਜ ਤੇ ਵਿਕਾਸ ਕੇਂਦਰ ਅਤੇ ਹੁਨਰ ਵਿਕਾਸ ਕੇਂਦਰਾਂ ਵਰਗਾ ਢਾਂਚਾ ਕਾਇਮ ਕਰਨ ਲਈ ਵੀ ਮੁਹੱਈਆ ਕਰਵਾਈ ਗਈ ਹੈ।

ਪੀ.ਐਸ.ਆਈ.ਈ.ਸੀ. ਵਲੋਂ ਸਥਾਪਤ ਕੀਤੀ ਜਾ ਰਹੀ ਇਹ ਸਾਈਕਲ ਵੈਲੀ ਲੁਧਿਆਣਾ ਤੋਂ ਸਨਅਤਾਂ ਨੂੰ ਨਵੀਂ ਥਾਂ ’ਤੇ ਲਿਜਾਣ ਵਿਚ ਸਹਾਈ ਹੋਵੇਗੀ ਅਤੇ ਸਾਈਕਲ ਇੰਡਸਟਰੀ ਦੇ ਸੈਕਟਰ ਵਿਚ ਐਂਕਰ ਯੂਨਿਟ ਸਥਾਪਤ ਕਰਨ ਨੂੰ ਉਤਸ਼ਾਹਤ ਕਰੇਗੀ। ਬੁਨਿਆਦੀ ਢਾਂਚੇ ’ਤੇ 300 ਕਰੋੜ ਰੁਪਏ ਦੇ ਨਿਵੇਸ਼ ਤੋਂ ਇਲਾਵਾ ਇਹ ਪ੍ਰਾਜੈਕਟ 1000-1500 ਕਰੋੜ ਦੇ ਵਾਧੂ ਨਿਵੇਸ਼ ਨੂੰ ਵੀ ਆਕਰਸ਼ਿਤ ਕਰੇਗਾ। 

ਹਾਈਟੈੱਕ ਸਾਈਕਲ ਵੈਲੀ ਨੂੰ ਸੂਬਾ ਸਰਕਾਰ ਸਿੱਧਾ ਰਸਤਾ ਮੁਹੱਈਆ ਕਰਵਾਏਗੀ ਜਿਸ ਲਈ ਲੁਧਿਆਣਾ-ਚੰਡੀਗੜ ਹਾਈਵੇ ਤੋਂ 100 ਫੁੱਟ ਦੀ ਸੜਕ ਬਣਾਈ ਜਾਵੇਗੀ। ਮੌਜੂਦਾ ਰਸਤਾ ਜੋ ਵਾਇਆ ਬੁੱਢੇਵਾਲ ਖੰਡ ਮਿੱਲ ਰਾਹੀਂ ਸਾਈਕਲ ਵੈਲ ਤੱਕ ਜਾਂਦਾ ਹੈ, ਨੂੰ ਸੂਬਾ ਸਰਕਾਰ ਵਲੋਂ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਪੀ.ਐਸ.ਆਈ.ਈ.ਸੀ. ਨੇ ਸਾਈਕਲ ਵੈਲੀ ਵਿਚ ਯੋਜਨਾਬੰਦੀ ਅਤੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦੇ ਡਿਜ਼ਾਈਨ ਲਈ ਆਈ.ਐਲ. ਐਂਡ ਐਫ.ਐਸ. ਨੂੰ ਕੰਸਲਟੈਂਟ ਵਜੋਂ ਚੁਣਿਆ ਹੈ। 

ਸਾਈਕਲ ਵੈਲੀ ਸੰਭਾਵੀ ਨਿਵੇਸ਼ਕਾਂ ਨੂੰ ਵਾਜਬ ਕੀਮਤਾਂ ’ਤੇ ਵਿਕਸਤ ਸਨਅਤੀ ਪਲਾਟ ਮੁਹੱਈਆ ਕਰਵਾਏਗੀ ਅਤੇ ਇਸ ਵਿਚ ਬੈਕਿੰਗ, ਸਿਹਤ, ਮਨੋਰੰਜਨ, ਸਿੱਖਿਆ ਸਮੇਤ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮੀਟਡ ਵਲੋਂ ਸਾਈਕਲ ਵੈਲੀ ਅਤੇ ਭਵਿੱਖ ਵਿਚ ਆਲੇ-ਦੁਆਲੇ ਲੱਗਣ ਵਾਲੀਆਂ ਹੋਰ ਯੂਨਿਟਾਂ ਲਈ 400 ਕੇ.ਵੀ. ਗਰਿੱਡ ਸਬ ਸਟੇਸ਼ਨ ਸਥਾਪਤ ਕੀਤਾ ਜਾਵੇਗਾ।

ਲੁਧਿਆਣਾ ਦੀ ਉਦਯੋਗਿਕ ਤਰੱਕੀ ਜ਼ਿਆਦਾਤਰ ਸਾਈਕਲ ਅਤੇ ਸਮਾਲ ਸਕੇਲ ਮੈਨੂਫੈਕਚਰਿੰਗ ਇੰਡਸਟਰੀ ਨਾਲ ਜੁੜੀ ਹੋਈ ਹੈ। ਭਾਵੇਂ ਲੁਧਿਆਣਾ ਨੂੰ ਭਾਰਤ ਦੀ ਸਾਈਕਲ ਇੰਡਸਟਰੀ ਦੇ ਰਵਾਇਤੀ ਧੁਰੇ ਵਜੋਂ ਜਾਣਿਆ ਜਾਂਦਾ ਹੈ ਪਰ ਪਿਛਲੇ ਕੁਝ ਸਾਲਾਂ ਵਿਚ ਖੜੋਤ ਆ ਗਈ ਸੀ। ਨਵੇਂ ਉਦਯੋਗਿਕ ਪਾਰਕ ਦੀ ਸਥਾਪਨਾ ਦਾ ਮਕਸਦ ਹਾਈਟੈੱਕ ਸਾਈਕਲ ਅਤੇ ਇੰਜਨੀਅਰਿੰਗ ਉਤਪਾਦਾਂ ਲਈ ਈਕੋ-ਸਿਸਟਮ ਕਾਇਮ ਕਰਨਾ ਹੈ ਜਿਸ ਨਾਲ ਤਕਨਾਲੋਜੀ ਅਪਗ੍ਰੇਡ ਹੋਵੇਗੀ ਅਤੇ ਇਸ ਰਾਹੀਂ ਲੁਧਿਆਣਾ ਇਸ ਖੇਤਰ ਵਿਚ ਆਲਮੀ ਪੱਧਰ ’ਤੇ ਅਪਣੀ ਮੋਹਰੀ ਪਛਾਣ ਕਾਇਮ ਰੱਖ ਸਕੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ,  ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁਖੀ ਅਤੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਐਮ.ਡੀ. ਪੀ.ਐਸ.ਆਈ.ਈ.ਸੀ ਰਾਹੁਲ ਭੰਡਾਰੀ ਤੇ ਏ.ਐਮ.ਡੀ. ਵਿਨੀਤ ਕੁਮਾਰ, ਹੀਰੋ ਸਾਈਕਲਜ਼ ਦੇ ਡਾਇਰੈਕਟਰ ਐਸ.ਕੇ. ਰਾਏ ਅਤੇ ਰੀਜਨਲ ਹੈੱਡ ਹੀਰੋ ਯੂਰਪ ਐਂਡਰਿਊਜ਼ ਕਲੇਨ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement