
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 22 ਜਨਵਰੀ ਨੂੰ ਅਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਪਹੁੰਚ ਰਹੇ ਹਨ। ਉਹ ਮਹਿਰਾਜ ਤੋਂ ਕਿਸਾਨ ਕਰਜ਼...
ਰਾਮਪੁਰਾ ਫੂਲ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 22 ਜਨਵਰੀ ਨੂੰ ਅਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਪਹੁੰਚ ਰਹੇ ਹਨ। ਉਹ ਮਹਿਰਾਜ ਤੋਂ ਕਿਸਾਨ ਕਰਜ਼ ਮੁਆਫ਼ੀ ਤਹਿਤ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੀ ਸ਼ੁਰੂਆਤ ਕਰਨਗੇ। ਕੈਪਟਨ ਦੇ ਮਹਿਰਾਜ ਫੇਰੀ ਨੂੰ ਲੈ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੇ ਦੂਜੇ ਪੜਾਅ ਤਹਿਤ ਮਹਿਰਾਜ ਵਿਖੇ ਸਹਿਕਾਰੀ ਤੇ ਵਪਾਰਕ ਬੈਂਕਾਂ ਦੇ ਕਰਜ਼ਦਾਰ ਅਤੇ 2.5 ਤੋਂ 5 ਏਕੜ ਤਕ ਦੇ ਮਾਲਕ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੀ ਸ਼ੁਰੂਆਤ ਕਰਨਗੇ।
ਉਹਨਾਂ ਦਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮੰਤਰੀ ਬਠਿੰਡਾ ਦੇ 11,328 ਛੋਟੇ ਕਿਸਾਨਾਂ ਨੂੰ 71.34 ਕਰੋੜ ਰੁਪਏ ਦੀ ਕਰਜ਼ਾ ਰਾਹਤ ਦੇਣਗੇ ਜਦੋਂਕਿ 10250 ਛੋਟੇ ਕਿਸਾਨ ਸਹਿਕਾਰੀ ਬੈਂਕਾਂ ਨਾਲ ਸਬੰਧਤ ਹਨ, ਜਿਹਨਾਂ ਨੂੰ 57.98 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿਤੀ ਜਾਵੇਗੀ। ਇਸੇ ਤਰਾਂ ਵਪਾਰਕ ਬੈਂਕਾਂ ਨਾਲ ਸਬੰਧਤ 1078 ਛੋਟੇ ਕਿਸਾਨਾਂ ਨੂੰ 13.36 ਕਰੋੜ ਰੁਪਏ ਦੇ ਕਰਜ਼ਾ ਰਾਹਤ ਪ੍ਰਮਾਣ ਪੱਤਰ ਦਿਤੇ ਜਾਣਗੇ।
ਪੰਜਾਬ ਸਰਕਾਰ ਵਲੋਂ ਅਪਣੇ 21 ਮਹੀਨੇ ਦੇ ਕਾਰਜਕਾਲ ਦੌਰਾਨ ਕਰਜ਼ਾ ਮੁਆਫ਼ੀ ਸਕੀਮ ਤਹਿਤ ਹੁਣ ਤਕ ਬਠਿੰਡਾ ਦੇ ਸਹਿਕਾਰੀ ਤੇ ਵਪਾਰਕ ਬੈਂਕਾਂ ਦੇ ਕੁਲ 42,490 ਸੀਮਾਂਤ ਕਿਸਾਨਾਂ ਨੂੰ 274.66 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿਤੀ ਜਾ ਚੁੱਕੀ ਹੈ।