
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਸੰਬੰਧੀ ਕੈਬਿਨੈਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਬਣਾਈ ਗਈ ਸਬ ਕਮੇਟੀ...
ਚੰਡੀਗੜ੍ਹ (ਨੀਲ ਭਲਿੰਦਰ ਸਿਂੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਸੰਬੰਧੀ ਕੈਬਿਨੈਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਬਣਾਈ ਗਈ ਸਬ ਕਮੇਟੀ ਦੀ ਰਿਪੋਰਟ ਨੂੰ ਦਬਾਉਣ ਪਿੱਛੇ ਮਾਈਨਿੰਗ ਮਾਫ਼ੀਆ ਦੇ ਹੱਕ 'ਚ ਵੱਡੀ ਸਾਜ਼ਿਸ਼ ਹੋਣ ਦਾ ਦਾਅਵਾ ਕੀਤਾ ਹੈ। 'ਆਪ' ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਦਿਨੇਸ਼ ਚੱਢਾ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਨੂੰ ਉਕਤ ਰਿਪੋਰਟ ਤੁਰੰਤ ਜਨਤਕ ਕਰਨੀ ਚਾਹੀਦੀ ਹੈ।
Navjot Singh Sidhu
ਉਨ੍ਹਾਂ ਕਿਹਾ ਕਿ ਸੂਬੇ 'ਚ ਪਿਛਲੇ 15 ਸਾਲ ਤੋਂ ਜ਼ਿਆਦਾ ਸਮੇਂ ਵਿਚ ਲਗਾਤਾਰ ਮਾਈਨਿੰਗ ਗੁੰਡਾ ਟੈਕਸ ਮਾਫ਼ੀਏ ਨੇ ਜਿੱਥੇ ਇੱਕ ਪਾਸੇ ਵਪਾਰੀਆਂ ਅਤੇ ਆਮ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਹੈ, ਉੱਥੇ ਦੂਜੇ ਪਾਸੇ ਧਰਤੀ ਮਾਤਾ ਨੂੰ ਵੀ ਬਰਬਾਦ ਕੀਤਾ ਹੈ। ਮੁੱਖ ਮੰਤਰੀ ਪੰਜਾਬ ਨੇ ਆਪਣੀ ਹਵਾਈ ਚੈਕਿੰਗ ਤੋਂ ਬਾਅਦ ਇਸ ਮਾਮਲੇ 'ਤੇ ਜਾਂਚ ਲਈ ਕੈਬਿਨੇਟ ਸਬ ਕਮੇਟੀ ਬਣਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਕਮੇਟੀ ਵੀ ਪੰਜਾਬੀਆਂ ਦੇ ਅੱਖਾਂ 'ਚ ਘੱਟਾ ਪਾਉਣ ਦੇ ਬਰਾਬਰ ਸਾਬਤ ਹੋਈ।
AAP
ਹੁਣ ਤੱਕ ਇਸ ਕਮੇਟੀ ਦੇ ਸੁਝਾਵਾਂ ਦੇ ਆਧਾਰ ਉੱਤੇ ਨਾ ਕੋਈ ਨਵੀਂ ਪਾਲਿਸੀ ਬਣਾਈ ਗਈ ਹੈ ਅਤੇ ਨਾ ਹੀ ਕਿਸੇ ਮਾਫ਼ੀਆ ਨੂੰ ਸਜ਼ਾ ਦਿੱਤੀ ਗਈ ਹੈ। ਸਰਕਾਰ ਸਪਸ਼ਟ ਕਰੇ ਕਿ ਕੀ ਇਸ ਕਮੇਟੀ ਨੂੰ ਕਿਸੇ ਵੀ ਦੋਸ਼ੀ ਮਾਫ਼ੀਆ ਦਾ ਨਾਮ ਨਹੀਂ ਲੱਭਿਆ ਜਾਂ ਸਰਕਾਰ ਅਜਿਹੇ ਨਾਵਾਂ ਨੂੰ ਜਨਤਕ ਨਾ ਕਰ ਕੇ ਕਾਰਵਾਈ ਹੀ ਨਹੀਂ ਕਰਨਾ ਚਾਹੁੰਦੀ। ਸਰਕਾਰ ਇਹ ਵੀ ਸਪਸ਼ਟ ਕਰੇ ਕਿ ਕੈਬਿਨੈਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪੜਤਾਲ ਤੋਂ ਬਾਅਦ ਦਿੱਤੇ ਗਏ ਸੁਝਾਵਾਂ ਨੂੰ ਕਿਉਂ ਲਾਗੂ ਨਹੀਂ ਕੀਤਾ ਜਾ ਸਕਦਾ।
Navjot Singh Sidhu
ਪੰਜਾਬੀਆਂ ਦਾ ਪੂਰਾ ਹੱਕ ਹੈ ਕਿ ਉਹ ਸੂਬੇ ਦੇ ਇਸ ਗੰਭੀਰ ਮਸਲੇ ਸੰਬੰਧੀ ਪੂਰੀ ਜਾਣਕਾਰੀ ਹਾਸਿਲ ਕਰਨ ਪਰੰਤੂ ਸਰਕਾਰ ਇਸ ਸਾਰੇ ਮਸਲੇ ਨੂੰ ਗੋਲ-ਮੋਲ ਕਰ ਕੇ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਸਰਕਾਰ ਨੇ ਮਾਈਨਿੰਗ ਮਾਫ਼ੀਆ ਨੂੰ ਉਤਸ਼ਾਹਿਤ ਕਰਨ ਵਾਲੀ ਆਪਣੀ ਨੀਤੀ ਬਦਲ ਕੇ ਤੁਰੰਤ ਲੋਕ ਪੱਖੀ ਨੀਤੀ ਵੱਲ ਕਦਮ ਨਾ ਚੁੱਕੇ ਤਾਂ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਪੰਜਾਬ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।