
ਕੇਂਦਰੀ ਜੇਲ ਪਟਿਆਲਾ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ..........
ਪਟਿਆਲਾ : ਕੇਂਦਰੀ ਜੇਲ ਪਟਿਆਲਾ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਜੇਲ ਅੰਦਰ ਮੌਜੂਦਾ ਭੁੱਖ ਹੜਤਾਲ ਸਦਕਾ ਸੂਬੇ ਦੀਆਂ ਸਮੂਹ ਪੰਥਕ ਜਥੇਬੰਦੀਆਂ ਦੀ ਜਜ਼ਬਾਤੀ ਸਾਂਝ ਵੀ ਭਾਈ ਰਾਜੋਆਣਾ ਦੀ ਇਸ ਮੁਹਿੰਮ ਨੂੰ ਬਲ ਬਖ਼ਸ਼ ਰਹੀ ਹੈ ਕਿਉਂਕਿ ਭਾਈ ਰਾਜੋਆਣਾ ਨੂੰ ਸੂਬਾਈ ਅਦਾਲਤ ਵਲੋਂ 2007 ਵਿਚ ਐਲਾਨੀ ਫਾਂਸੀ ਦੀ ਸਜ਼ਾ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਾ ਸ਼ਹੀਦ ਮੰਨ ਰਹੀ ਸਮੁੱਚੀ ਸਿੱਖ ਕੌਮ ਵੀ ਹੁਣ ਉਨ੍ਹਾਂ ਨੂੰ ਜੇਲ ਤੋਂ ਬਾਹਰ ਵੇਖਣਾ ਚਾਹੁੰਦੀ ਹੈ ਕਿਉਂਕਿ ਅਦਾਲਤੀ ਅਤੇ ਕਾਨੂੰਨੀ ਨੁਕਤਾ ਨਿਗਾਹ ਤੋਂ ਉਸ ਨੇ ਅਪਣੀ ਕੀਤੇ ਗੁਨਾਹ ਬਦਲੇ ਪੂਰੇ ਸਾਢੇ 22 ਸਾਲ ਜੇਲ ਵਿਚ ਗੁਜ਼ਾਰੇ ਹਨ
ਅਤੇ ਹੁਣ ਬੀਤੇ ਸਾਢੇ ਛੇ ਸਾਲਾਂ ਤੋਂ ਉਹ ਸਥਾਨਕ ਜੇਲ ਦੀ ਫਾਂਸੀ ਦੀ ਕਾਲਕੋਠੜੀ ਵਿਚ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਮੌਤ ਨੂੰ ਗਲੇ ਲਗਾਉਣ ਦੀ ਉਸ ਦੀ ਇੱਛਾ ਵਿਚ ਤਤਕਾਲੀ ਸ਼੍ਰੋਮਣੀ ਕਮੇਟੀ ਨੇ ਤਤਕਾਲੀ ਭਾਰਤੀ ਰਾਸ਼ਟਰਪਤੀ ਕੋਲ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਅਰਜ਼ੀ ਦੇ ਕੇ ਖੁੰਢਾ ਕਰ ਦਿਤਾ ਜਿਸ ਕਾਰਨ ਉਹ ਜੇਲ ਅੰਦਰ ਮਾਨਸਕ ਦਵੰਧ ਦਾ ਸ਼ਿਕਾਰ ਹੋ ਗਿਆ ਅਤੇ ਇਸੇ ਮਾਨਸਕ ਦਬਾਅ ਅਧੀਨ ਉਸ ਨੂੰ ਜੇਲ ਅੰਦਰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ।