
ਬੀਬੀ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਰੂਬੀ ਨੇ ਸਮਾਜ ਨੂੰ ਦਿੱਤਾ ਸੁਚੇਤ ਹੋਣ ਦਾ ਸੱਦਾ
ਚੰਡੀਗੜ੍ਹ : ਨਸ਼ੇ ਅਤੇ ਏਡਜ਼ ਦੋਵੇਂ ਘੁਣ ਵਾਂਗ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਹਨ। ਏਡਜ਼ ਦੇ ਮਰੀਜ਼ ਜ਼ਿਆਦਾਤਰ ਉਹ ਹਨ, ਜੋ ਨਸ਼ਾ ਲੈਣ ਵੇਲੇ ਸਰਿੰਜਾਂ ਦੀ ਵਾਰ-ਵਾਰ ਵਰਤੋਂ ਕਰਦੇ ਹਨ। ਪਿਛਲੇ 15 ਦਿਨਾਂ 'ਚ ਏਡਜ਼ ਸਬੰਧੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਰਿਪੋਰਟਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਿਸ 'ਤੇ ਨਾ ਸਿਰਫ਼ ਸਰਕਾਰ ਸਗੋਂ ਸਮੁੱਚੇ ਸਮਾਜ ਨੂੰ ਬੇਹੱਦ ਗੰਭੀਰ ਹੋਣ ਦੀ ਜ਼ਰੂਰਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਆਗੂ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕੀਤਾ।
Sarabjeet Kaur Manuke
ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਇਕੱਲੇ ਬਡਰੁੱਖਾ ਪਿੰਡ 'ਚ ਦਰਜਨ ਤੋਂ ਵੱਧ ਨੌਜਵਾਨਾਂ ਦਾ ਐਚਆਈਵੀ ਪਾਜੀਟਿਵ ਪਾਇਆ ਜਾਣਾ ਅਤੇ ਫਿਰ ਫ਼ਾਜ਼ਿਲਕਾ 'ਚ 50 ਤੋਂ ਵੱਧ ਨੌਜਵਾਨ ਲੜਕਿਆਂ ਅਤੇ ਹੁਣ ਬਰਨਾਲਾ ਜ਼ਿਲ੍ਹੇ 'ਚ 40 ਤੋਂ ਵੱਧ ਐਚਆਈਵੀ ਪਾਜੀਟਿਵ ਮਰੀਜ਼ ਮਿਲਣਾ ਇਸ ਘਾਤਕ ਅਤੇ ਜਾਨਲੇਵਾ ਬਿਮਾਰੀ ਦੇ ਵੱਡੇ ਪੱਧਰ 'ਤੇ ਫੈਲਣ ਦੇ ਸੰਕੇਤ ਦਿੰਦਾ ਹੈ।
Baljinder Kaur
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਸਰਜਮੀਂ 'ਤੇ ਨਸ਼ੇ, ਕੈਂਸਰ, ਕਾਲਾ ਪੀਲੀਆ ਅਤੇ ਏਡਜ਼ ਦਾ ਕਹਿਰ ਸਾਧਾਰਨ ਵਰਤਾਰਾ ਨਹੀਂ ਹੈ। ਇਹ ਸਾਰੇ ਜਾਨਲੇਵਾ ਪ੍ਰਕੋਪ ਇੱਕ ਦੂਜੇ ਨਾਲ ਜੁੜੇ ਹੋਏ ਹਨ। ਨੌਜਵਾਨਾਂ 'ਚ ਨਸ਼ੇ ਦੀ ਲਤ ਹੀ ਏਡਜ਼ ਵਰਗੀਆਂ ਬਿਮਾਰੀਆਂ ਦੀ ਜੜ੍ਹ ਹੈ। ਜਿਸ ਲਈ ਪਹਿਲਾਂ ਬਾਦਲ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਜ਼ਿੰਮੇਵਾਰ ਹੈ।
Rupinder Kaur Ruby
ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਨੌਜਵਾਨਾਂ, ਮਾਪਿਆਂ ਅਤੇ ਏਡਜ਼ ਵਿਰੁਧ ਸਮਾਜ ਨੂੰ ਨਾਲ ਲੈ ਕੇ ਖ਼ੁਦ ਹੀ ਲੜਨਾ ਪਵੇਗਾ, ਕਿਉਂਕਿ ਇਹ ਜਾਨਲੇਵਾ ਅਲਾਮਤਾਂ ਨਾ ਪਿਛਲੀਆਂ ਸਰਕਾਰਾਂ ਦੇ ਏਜੰਡੇ 'ਤੇ ਸਨ ਅਤੇ ਨਾ ਹੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਏਜੰਡੇ 'ਤੇ ਹਨ। ਰੂਬੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੌਜਵਾਨਾਂ ਖ਼ਾਸ ਕਰ ਕੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸੂਬਾ ਪਧਰੀ ਮੁਹਿੰਮ ਵਿੱਢੇਗੀ ਅਤੇ ਸਮੁੱਚੇ ਸਮਾਜ ਨੂੰ ਖ਼ੁਦ ਸੁਚੇਤ ਅਤੇ ਸਾਵਧਾਨ ਰਹਿਣ ਲਈ ਜਾਗਰੂਕ ਕਰੇਗੀ।