
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਟਕਸਾਲੀ ਅਕਾਲੀਆਂ ਦੇ ....
ਅੰਮ੍ਰਿਤਸਰ/ਤਰਨਤਾਰਨ, 11 ਦਸੰਬਰ (ਚਰਨਜੀਤ ਸਿੰਘ) : ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਟਕਸਾਲੀ ਅਕਾਲੀਆਂ ਦੇ ਨਾਲ-ਨਾਲ ਘਰਾਂ ਵਿਚ ਬੈਠੇ ਅਕਾਲੀਆਂ ਨੂੰ ਵੀ ਨਾਲ ਲੈ ਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਅੱਜ ਸਪੋਕਸਮੈਨ ਟੀਵੀ ਨਾਲ ਗੱਲ ਕਰਦਿਆਂ ਜਥੇਦਾਰ ਮੱਕੜ ਨੇ ਕਿਹਾ ਕਿ ਅੱਜ ਜਥੇਬੰਦੀ ਸੰਕਟ ਭਰੇ ਸਮੇਂ ਵਿਚੋਂ ਲੰਘ ਰਹੀ ਹੈ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਾਰਾਜ਼ ਅਕਾਲੀਆਂ ਨੂੰ ਨਾਲ ਲੈ ਕੇ ਸੰਕਟ ਦੂਰ ਕਰਨ ਲਈ ਯਤਨ ਕਰਨ।
ਅੱਜ ਬਾਦਲ ਦਲ ਦੇ ਮਾਫ਼ੀ ਕਾਂਡ 'ਤੇ ਗੱਲ ਕਰਦਿਆਂ ਜਥੇਦਾਰ ਮੱਕੜ ਨੇ ਕਿਹਾ ਕਿ ਖਿਮਾ ਯਾਚਨਾ ਦਾ ਮਤਲਬ ਜੁਰਮ ਦਾ ਇਕਬਾਲ ਕਰਨਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਗੁਰੂ ਬਖਸ਼ਿੰਦ ਹੈ ਤੇ ਪੰਥ ਵੀ ਗ਼ਲਤੀਆਂ ਮਾਫ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦ ਕੋਈ ਵਿਅਕਤੀਗਤ ਜਾਂ ਜਥੇਬੰਦੀ ਤੋਂ ਗ਼ਲਤੀ ਹੁੰਦੀ ਹੈ ਤਾਂ ਉਸ ਦੀ ਖਿਮਾ ਲਈ ਸਿੱਖ ਗੁਰੂ ਅੱਗੇ ਅਰਦਾਸ ਕਰਦਾ ਹੈ। 10 ਸਾਲ ਤਕ ਅਕਾਲੀ ਦਲ ਦਾ ਰਾਜ ਪੰਜਾਬ ਵਿਚ ਰਿਹਾ ਹੈ ਤੇ ਇਸ ਸਮੇਂ ਦੌਰਾਨ ਜਾਣੇ ਜਾਂ ਅਣਜਾਣੇ ਵਿਚ ਅਕਾਲੀ ਦਲ ਕੋਲੋਂ ਕੁੱਝ ਗ਼ਲਤੀਆਂ ਹੋਈਆਂ ਹੋਣਗੀਆਂ।