
ਕਾਂਗਰਸ ਵਲੋਂ ਕਿਸਾਨਾਂ 'ਤੇ ਲਿਖੀ ਕਿਤਾਬ 'ਆਮਦਨੀ ਨਾ ਹੋਈ ਦੁੱਗਣਾ, ਬਨਾਮ ਦਰਦ 100 ਗੁਣਾ' ਲਾਂਚ ਕੀਤੀ ਗਈ।
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਇਸ ਵਾਰ ਕਾਂਗਰਸ ਸੱਤਾ ਦੀ ਕੁਰਸੀ ਲਈ ਨਹੀਂ ਸਗੋਂ ਕਿਸਾਨਾਂ ਦੀ ਜ਼ਿੰਦਗੀ ਬਦਲਣ ਲਈ ਚੋਣ ਲੜੇਗੀ। ਜੇ ਚੋਣਾਂ ਤੋਂ ਬਾਅਦ ਕਾਂਗਰਸ ਸੱਤਾ ਵਿਚ ਆਈ ਤਾਂ ਦਾਲ, ਤੇਲ ਬੀਜ ਅਤੇ ਮੱਕੀ ’ਤੇ ਲੀਗਲ ਐਮਐਸਪੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੇਅਰਹਾਊਸਿੰਗ ਕਾਰਪੋਰੇਸ਼ਨ ਵਿਚ ਸਟੋਰੇਜ ਲਈ ਕਿਸਾਨਾਂ ਨੂੰ ਥਾਂ ਦਿੱਤੀ ਜਾਵੇਗੀ।
ਦਰਅਸਲ ਕਾਂਗਰਸ ਵਲੋਂ ਕਿਸਾਨਾਂ 'ਤੇ ਲਿਖੀ ਕਿਤਾਬ 'ਆਮਦਨੀ ਨਾ ਹੋਈ ਦੁੱਗਣਾ, ਬਨਾਮ ਦਰਦ 100 ਗੁਣਾ' ਲਾਂਚ ਕੀਤੀ ਗਈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਵਾਅਦੇ ਅੱਜ ਸਭ ਦੇ ਸਾਹਮਣੇ ਹਨ। 70000 ਕੁਰਸੀਆਂ 'ਤੇ ਸਿਰਫ਼ 700 ਲੋਕ ਹੀ ਇਕੱਠੇ ਹੋਏ। ਇਹ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਪ੍ਰਤੀ ਲੋਕਾਂ ਵਿਚ ਨਿਰਾਸ਼ਾ ਹੈ। 23 ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਗੱਲ ਸਿਰਫ਼ ਇਕ ਮਜ਼ਾਕ ਹੈ।
ਉਹਨਾਂ ਕਿਹਾ ਕਿ ਪੰਜਾਬ ਮਾਡਲ ਸਪੱਸ਼ਟ ਕਰਦਾ ਹੈ ਕਿ ਅੱਗੇ ਸਾਡਾ ਸਟੈਂਡ ਕੀ ਹੋਵੇਗਾ। ਅਸੀਂ 21ਵੀਂ ਸਦੀ ਦੀ ਖੇਤੀ ਵੱਲ ਦੇਖ ਰਹੇ ਹਾਂ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ। ਹੁਣ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਕਿਸਾਨ ਦੀ ਰੋਜ਼ਾਨਾ ਆਮਦਨ 27 ਰੁਪਏ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਡੀਐਨਏ ਕਿਸਾਨ ਵਿਰੋਧੀ ਹੈ। ਇਹਨਾਂ ਚੋਣਾਂ ਵਿਚ ਪੰਜਾਬ ਦੇ ਮਜ਼ਦੂਰਾਂ, ਦਲਿਤਾਂ, ਮਜ਼ਦੂਰਾਂ, ਆੜ੍ਹਤੀਆਂ, ਕਿਸਾਨ ਭਰਾਵਾਂ ਕੋਲ ਇਕ ਹੀ ਰਸਤਾ ਹੈ ਕਿ ਉਹ ਭਾਜਪਾ ਅਤੇ ਹੋਰ ਪਾਰਟੀਆਂ ਨੂੰ ਵੋਟਾਂ ਦੀ ਸੱਟ ਨਾਲ ਹਰਾ ਕੇ ਦੇਸ਼ ਦੀ ਖੇਤੀ ਨੂੰ ਬਚਾਉਣ।