
ਆਸਾਮ ਨੂੰ ਨਜ਼ਰਅੰਦਾਜ਼ ਕਰਨ ਦੀ ‘ਇਤਿਹਾਸਕ ਗ਼ਲਤੀ’ ਨੂੰ ਸੁਧਾਰ ਰਹੀ ਹੈ ਸਰਕਾਰ, ਵਿਕਾਸ ਸਾਡੀ ਤਰਜੀਹ: ਮੋਦੀ
ਕਿਹਾ, ਮੌਜੂਦਾ ਆਸਾਮ ਸਰਕਾਰ ਨੇ ਸੂਬੇ ਦੇ ਵਿਕਾਸ ਨੂੰ ਇਕ ਨਵੀਂ ਉਚਾਈ ਦਿਤੀ
ਗੁਹਾਟੀ, 18 ਫ਼ਰਵਰੀ : ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਸਾਮ ਨੂੰ ਕਈ ਵਿਕਾਸ ਪ੍ਰਾਜੈਕਟ ਸੌਂਪੇ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉੱਤਰ-ਪੂਰਬੀ ਰਾਜ ਨੂੰ ਨਜ਼ਰਅੰਦਾਜ਼ ਕਰਨ ਦੀ “ਇਤਿਹਾਸਕ ਗ਼ਲਤੀ” ਨੂੰ ਨਾ ਸਿਰਫ਼ ਦਰੁਸਤ ਕਰ ਰਹੀ ਹੈ, ਸਗੋਂ ਤੇਜ਼ ਰਫ਼ਤਾਰ ਨਾਲ ਉਸ ਦੇ ਵਿਕਾਸ ਲਈ ਵਚਨਬੱਧ ਵੀ ਹੈ।
ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫ਼ਰੰਸ ਰਾਹੀਂ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹੋਏ ਰਿਮੋਟ ਕੰਟਰੋਲ ਦੇ ਬਟਨ ਨੂੰ ਦਬਾ ਕੇ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਰੱਖੀ। ਇਸ ਮੌਕੇ ਮੋਦੀ ਨੇ ਇਹ ਵੀ ਕਿਹਾ ਕਿ ਪਿਛਲੇ ਸਾਲਾਂ ਵਿਚ ਕੇਂਦਰ ਅਤੇ ਆਸਾਮ ਦੀ ਦੋਹਰੀ ਇੰਜਣ ਸਰਕਾਰ ਨੇ ਪੂਰੇ ਇਲਾਕੇ ਦੀ ਭੂਗੋਲਿਕ ਅਤੇ ਸਭਿਆਚਾਰਕ ਦੂਰੀਆਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਗ਼ੁਲਾਮੀ ਦੇ ਦੌਰ ਵਿਚ ਵੀ ਆਸਾਮ ਦੇਸ਼ ਦੇ ਸੱਭ ਤੋਂ ਅਮੀਰ ਅਤੇ ਵਧੇਰੇ ਮਾਲੀਏ ਦੇਣ ਵਾਲੇ ਸੂਬਿਆਂ ਵਿਚੋਂ ਸੀ। ਸੰਪਰਕ ਦਾ ਨੈੱਟਵਰਕ ਆਸਾਮ ਦੀ ਖ਼ੁਸ਼ਹਾਲੀ ਦਾ ਇਕ ਵੱਡਾ ਕਾਰਨ ਸੀ। ਆਜ਼ਾਦੀ ਤੋਂ ਬਾਅਦ ਇਸ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣਾ ਜ਼ਰੂਰੀ ਸੀ, ਪਰ ਉਹ ਅਪਣੇ ਆਪ ਹੀ ਛੱਡ ਦਿਤਾ ਗਿਆ। ਪਾਣੀ ਦੇ ਰਸਤੇ ਉੱਤੇ ਧਿਆਨ ਕੇਂਦਰਤ ਨਹੀਂ ਗਿਆ।
ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਤਿਹਾਸ ਵਿਚ ਕਈ “ਗ਼ਲਤੀਆਂ” ਨੂੰ ਸੁਧਾਰਨਾ ਸ਼ੁਰੂ ਕਰ ਦਿਤਾ ਸੀ, ਹੁਣ ਇਨ੍ਹਾਂ ਦਾ ਨਾ ਸਿਰਫ਼ ਵਾਧਾ ਕੀਤਾ ਜਾ ਰਿਹਾ ਹੈ ਸਗੋਂ ਉਨ੍ਹਾਂ ਨੂੰ ਹੋਰ ਗਤੀ ਦਿਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਆਸਾਮ ਦੀ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਨ ਰਾਜ ਦੇ ਵਿਕਾਸ ਨੂੰ ਇਕ ਨਵੀਂ ਉਚਾਈ ਦਿਤੀ ਅਤੇ ਇਹ ਸੰਭਵ ਹੋਇਆ, ਕਿਉਂਕਿ ਲੋਕਾਂ ਨੇ ਭਾਜਪਾ ਸਰਕਾਰ ਦੀ ਚੋਣ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸਾਲ 2016 ਵਿਚ ਡੁਹਾਡੇ ਦਿਤੇ ਵੋਟ ਨੇ ਕਿੰਨਾ ਕੁੱਝ ਕਰ ਦਿਖਾਇਆ। ਤੁਹਾਡੀ ਵੋਟ ਦੀ ਤਾਕਤ ਅਜੇ ਆਸਾਮ ਨੂੰ ਇਕ ਹੋਰ ਉਚਾਈ ਉੱਤੇ ਲੈ ਜਾਣ ਵਾਲੀ ਹੈ। (ਪੀਟੀਆਈ)
ਆਸਾਮ ਵਿਚ ਅਪ੍ਰੈਲ-ਮਈ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ “ਮਹਾਬਾਹੁ-ਬ੍ਰਹਮਾਪੁੱਤਰ” ਜਲ ਮਾਰਗ ਦਾ ਉਦਘਾਟਨ ਕੀਤਾ, ਧੁਬਰੀ-ਫੁਲਬਾਡੀ ਪੁਲ ਦਾ ਨੀਂਹ ਪੱਥਰ ਰਖਿਆ ਅਤੇ ਮਾਜੁਲੀ ਪੁਲ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ। (ਪੀਟੀਆਈ)
---