
ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿਚ 85 ਫ਼ੀ ਸਦੀ ਵਾਅਦੇ ਪੂਰੇ ਕੀਤੇ : ਕੈਪਟਨ
ਬਾਕੀ 15 ਫ਼ੀ ਸਦੀ ਇਨ੍ਹਾਂ 6 ਮਹੀਨਿਆਂ ਵਿਚ ਕਰ ਦਿਆਂਗੇ g ਨਸ਼ਿਆਂ ਦਾ ਲੱਕ ਤੋੜ ਦਿਤਾ ਹੈ ਤੇ ਇਹੀ ਸਹੁੰ ਚੁੱਕੀ ਸੀ, ਪੂਰੀ ਤਰ੍ਹਾਂ ਵੀ ਖ਼ਤਮ ਕਰ ਕੇ ਰਹਾਂਗੇ
ਚੰਡੀਗੜ੍ਹ, 18 ਮਾਰਚ (ਜੀ.ਸੀ. ਭਾਰਦਵਾਜ): ਪੰਜਾਬ ਵਿਚ ਦੋ ਤਿਹਾਈ ਬਹੁਮਤ ਵਾਲੀ ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖਚਾਖਚ ਭਰੀ ਮੀਡੀਆ ਕਾਨਫ਼ਰੰਸ ਵਿਚ ਪਿਛਲੇ 4 ਸਾਲ ਦੀਆਂ ਪ੍ਰਾਪਤੀਆਂ ਦਾ ਲੰਬਾ ਚੌੜਾ ਵੇਰਵਾ ਦਿੰਦਿਆਂ ਕਿਹਾ ਕਿ ਹੁਣ ਤਕ ਚੋਣ ਮੈਨੀਫ਼ੈਸਟੋ ਵਿਚ ਕੀਤੇ ਵਾਅਦਿਆਂ ਵਿਚੋਂ 85 ਫ਼ੀ ਸਦੀ ਕੰਮ ਪੂਰਾ ਹੋ ਚੁੱਕਾ ਹੈ ਜੋ ਮੁਲਕ ਵਿਚ ਇਕ ਰੀਕਾਰਡ ਸਾਬਤ ਹੋਇਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਬਾਕੀ 15 ਫ਼ੀ ਸਦੀ ਕੰਮ ਆਉਂਦੇ 6 ਮਹੀਨਿਆਂ ਵਿਚ ਪੂਰਾ ਕਰ ਦਿਤਾ ਜਾਵੇਗਾ |
ਇਸ ਤਰ੍ਹਾਂ ਕੀਤੇ ਵਾਅਦਿਆਂ ਵਿਚੋਂ 81 ਫ਼ੀ ਸਦੀ ਨੇਪਰੇ ਚਾੜ੍ਹਨ ਵਾਲਿਆਂ ਵਿਚ ਦੂਜੇ ਨੰਬਰ 'ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਸਨ | 16 ਮਾਰਚ 2017 ਤੋਂ ਕਾਂਗਰਸ ਸਰਕਾਰ ਨੇ ਸੂਬੇ ਦੀ ਕਮਾਨ ਸੰਭਾਲੀ ਸੀ ਅਤੇ ਦੋ ਦਿਨ ਪਹਿਲਾਂ 4 ਸਾਲ ਪੂਰੇ ਕਰਨ 'ਤੇ ਮੱੁਖ ਮੰਤਰੀ ਨੇ 70 ਸਫ਼ਿਆਂ ਦਾ ਵੱਡਾ ਕਿਤਾਬਚਾ ਵੀ ਜਾਰੀ ਕੀਤਾ ਜਿਸ ਵਿਚ ਨਸ਼ਿਆਂ ਦਾ ਲੱਕ ਤੋੜਨ, ਕਿਸਾਨੀ ਕਰਜ਼ੇ ਮਾਫ਼ ਕਰਨ ਤੇ ਖੇਤੀ ਮੁੱਦਿਆਂ ਦੀਆਂ ਪ੍ਰਾਪਤੀਆਂ, ਲਾਅ ਐਂਡ ਆਰਡਰ ਦਾ ਸੁਚੱਚਾ ਪ੍ਰਬੰਧ, ਆਰਥਕ ਤੇ ਵਿੱਤੀ ਸੁਧਾਰਾਂ ਵਾਸਤੇ ਵੇਰਵੇ, ਸਕੂਲੀ ਤੇ ਯੂਨੀਵਰਸਿਟੀ ਸਿਖਿਆ, ਬਿਜਲੀ ਦਾ ਵਧੀਆ ਪ੍ਰਬੰਧ, ਉਦਯੋਗ ਸਥਾਪਤ ਕਰਨਾ, ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਤੇ ਹੋਰ ਸਮਾਜ ਭਲਾਈ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਜ਼ਿਕਰ ਹੈ | ਮੀਡੀਆ ਵਲੋਂ ਕੀਤੇ ਇਕ ਇਕ ਕਰਕੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਇਕੱਲਾ ਹੀ ਮੁਲਕ ਦੇ ਅਨਾਜ ਭੰਡਾਰ ਵਿਚ 40
ਫ਼ੀ ਸਦੀ ਹਿੱਸਾ ਪਾਉਂਦਾ ਹੈ ਪਰ ਕੇਂਦਰ ਨੇ 3 ਖੇਤੀ ਕਾਨੂੰਨਾਂ ਨੂੰ ਗ਼ੈਰ ਸੰਵਿਧਾਨਕ ਢੰਗ ਨਾਲ ਲਾਗੂ ਕਰ ਕੇ ਸੂਬਿਆਂ ਦੇ ਫ਼ੈਡਰਲ ਢਾਂਚੇ 'ਤੇ ਡੂੰਘੀ ਸੱਟ ਮਾਰੀ
ਹੈ ਅਤੇ ਕਿਸਾਨੀ ਨੂੰ ਤਬਾਹ ਕਰਨ ਦਾ ਤਹਈਆ ਕੀਤਾ ਹੈ | ਮੁੱਖ ਮੰਤਰੀ ਨੇ ਗੁੱਸੇ ਵਿਚ ਕਿਹਾ ਕਿ ਵਿਧਾਨ ਸਭਾ ਨੇ 3 ਖੇਤੀ ਕਾਨੂੰਨਾਂ ਵਿਚ ਤਰਮੀਮ ਕਰ ਕੇ ਬਿਲ, ਅਪਣੇ ਰਾਜਪਾਲ ਨੂੰ ਭੇਜੇ ਪਰ 'ਲਾਟ ਸਾਹਿਬ' ਅੱਗੇ ਰਾਸ਼ਟਰਪਤੀ ਨੂੰ ਨਹੀਂ ਭੇਜ ਰਹੇ ਇਨ੍ਹਾਂ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ | ਕੈਪਟਨ ਨੇ ਐਲਾਨ ਕੀਤਾ ਕਿ ਇਸ ਸੰਵਿਧਾਨਕ ਮੁੱਦੇ 'ਤੇ ਖੇਤੀ ਸੂਬਾ ਅਧਿਕਾਰ ਦੇ ਦਾਇਰੇ ਵਿਚ ਹੈ, ਪੰਜਾਬ ਸਰਕਾਰ ਸੁਪਰੀਮ ਕੋਰਟ ਜਾਵੇਗੀ |
ਉਨ੍ਹਾਂ ਕਿਹਾ ਕਿ ਕੇਂਦਰ ਨੂੰ ਖੇਤੀ ਬਾਰੇ, ਕਿਸਾਨ ਆੜ੍ਹਤੀਏ ਦੇ ਸਬੰਧਾਂ ਬਾਰੇ, 100 ਸਾਲ ਤੋਂ ਚਲਦੇ ਇਸ ਸਿਸਟਮ ਬਾਰੇ ਕੁੱਝ ਨਹੀਂ ਪਤਾ ਹੈ ਅਤੇ ਕੇਂਦਰੀ ਮੰਤਰੀ ਕੇਵਲ ਖੇਤੀ ਸੁਧਾਰਾਂ ਦੇ ਨਾਮ 'ਤੇ ਜ਼ਮੀਨ ਰੀਕਾਰਡ ਅਤੇ ਸਿੱਧੀ ਅਦਾਇਗੀ ਕਰਨ ਦਾ ਢੰਗ ਅੰਨ੍ਹੇਵਾਹ ਲਾਗੂ ਕਰ ਕੇ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਬਰਬਾਦ ਕਰਨ 'ਤੇ ਤੁਲੀ ਹੋਈ ਹੈ |
ਪੰਜਾਬ ਇਕ ਸਰਹੱਦੀ ਸੂਬਾ ਹੋਣ ਕਰ ਕੇ ਇਸ ਦੀ ਰਾਸ਼ਟਰੀ ਸੁਰੱਖਿਆ ਦੀ ਅਹਿਮੀਅਤ ਦੇ ਸਵਾਲ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 600 ਕਿਲੋਮੀਟਰ ਦੀ ਸਰਹੱਦੀ ਦੀ ਰਾਖੀ ਲਈ ਪੰਜਾਬ ਦਾ ਜਵਾਨ, ਕਿਸਾਨ ਲੋਕ ਤੇ ਸਰਕਾਰ ਹਮੇਸ਼ਾ ਤੱਤਪਰ ਹੈ ਅਤੇ ਕਿਹਾ ਕਿ ਸੁਰੱਖਿਆ ਅਮਲੇ ਨੇ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਭੇਜਿਆ 11000 ਕਾਰਤੂਸ ਅਸਲਾ, 1800 ਪਿਸਤੌਲ, ਸੈਂਗੜੇ ਗ੍ਰੇਨੇਡ ਕਾਬੂ ਕੀਤੇ ਹਨ ਅਤੇ ਹੁਣ ਤਕ 300 ਤੋਂ ਵੱਧ ਅਤਿਵਾਦੀ ਪਕੜੇ ਹਨ |
ਇਹ ਪੁਛੇ ਜਾਣ 'ਤੇ ਕਿ ਆਉਂਦੀਆਂ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਦੇ ਮੁਕਾਬਲੇ ਵਿਚ ਕਿਹੜੀ ਹੋਰ ਪਾਰਟੀ ਟੱਕਰ ਦੇਵੇਗੀ? ਤਾਂ ਉਨ੍ਹਾਂ ਕਿਹਾ ਕਿ ਅਜੇ ਤਕ ਕੋਈ ਨਹੀਂ ਹੈ, ਸੱਭ ਬਿਖਰੇ ਹੋਏ ਤੇ ਕਮਜ਼ੋਰ ਹਨ | 'ਆਪ' ਦੇ 4 ਵਿਧਾਇਕਾਂ ਨੂੰ ਪਾਰਟੀ ਅਨੁਸ਼ਾਸਨ ਭੰਗ ਕਰਨ ਤੇ ਪਿਛਲੇ 2 ਸਾਲ ਤੋਂ ਲਟਕਾਏ ਅਯੋਗਤਾ ਦੇ ਕੇਸ ਬਾਰੇ ਪੁਛੇ ਸਵਾਲ 'ਤੇ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਇਹ ਵਿਧਾਨ ਸਭਾ ਸਪੀਕਰ ਦੇ ਦਾਇਰੇ ਵਿਚ ਆਉਂਦਾ ਹੈ | ਇਸੇ ਤਰ੍ਹਾਂ ਸ਼ੋ੍ਰਮਣੀ ਕਮੇਟੀ ਚੋਣਾਂ ਵਾਸਤੇ ਕੇਂਦਰ ਵਲੋਂ ਨਿਯੁਕਤ ਕੀਤੇ ਚੀਫ਼ ਕਮਿਸ਼ਨਰ ਨੂੰ ੂ ਕੋਈ ਦਫ਼ਤਰ ਤੇ ਸਟਾਫ਼ ਨਾ ਦੇਣ ਦੇ ਸਵਾਲ 'ਤੇ ਉਨ੍ਹਾਂ ਗੋਲ ਮੋਲ ਜਵਾਬ ਇਹ ਕਹਿ ਕੇ ਟਾਲ ਦਿਤਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਹੀ ਸੱਭ ਕੁੱਝ ਕਰਨਾ ਹੈ |
ਪੰਜਾਬ ਵਿਚ ਮੁੜ ਕੇ ਫੈਲ ਰਹੇ ਕੋਰੋਨਾ ਵਾਇਰਸ ਦੇ ਗੰਭੀਰ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ 9 ਜ਼ਿਲਿ੍ਹਆਂ ਪਟਿਆਲਾ, ਜਲੰਧਰ, ਅੰਮਿ੍ਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ, ਕਪੂਰਥਲਾ, ਰੋਪੜ ਵਿਚ ਹੁਣ ਰਾਤ ਦਾ ਕਰਫ਼ਿਊ 9 ਵਜੇ ਤੋਂ ਸਵੇਰੇ 5 ਵਜੇ ਤਕ ਕੀਤਾ ਗਿਆ ਹੈ ਅਤੇ ਪਾਰਟੀਆਂ ਵਿਆਹ ਸ਼ਾਦੀਆਂ ਤੇ ਸਮਾਗਮਾਂ 'ਤੇ ਪਾਬੰਦੀ ਲਾਗੂ ਹੈ | ਮੁੱਖ ਮੰਤਰੀ ਨੇ ਦਸਿਆ ਕਿ ਕੋਵਿਡ ਕੰਟਰੋਲ ਦੀ ਮਾਹਰ ਕਮੇਟੀ ਡਾ. ਤਲਵਾੜ, ਡਾ. ਰਾਜ ਬਹਾਦਰ ਤੇ ਹੋਰ ਚੋਟੀ ਦੇ ਡਾਕਟਰਾਂ ਨਾਲ ਮੀਟਿੰਗ ਭਲਕੇ ਰੱਖੀ ਹੈ ਅਤੇ ਹੋਰ ਸਖ਼ਤ ਕਦਮ ਚੁਕੇ ਜਾ ਰਹੇ ਹਨ ਤੇ ਮਾਸਕ ਨਾ ਪਾਉਣ ਵਾਲਿਆਂ ਵਿਰੁਧ ਕਾਰਵਾਈ ਜਾਰੀ ਹੈ |
ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਸਪਸ਼ਟ ਕਿਹਾ ਕਿ ਉਹ ਖ਼ੁਦ ਚੋਣ ਪ੍ਰਚਾਰ ਵਿਚ ਵੱਧ ਚੜ੍ਹ ਕੇ ਪਾਰਟੀ ਲੀਡਰਾਂ ਦੀ ਇਕਮੁਠਤਾ ਦੇ ਆਸਰੇ ਕਾਮਯਾਬੀ ਹਾਸਲ ਕਰਨਗੇ | ਚੋਣ ਪ੍ਰਚਾਰ ਤੋਂ ਮਗਰੋਂ ਮੁੱਖ ਮੰਤਰੀ ਦਾ ਅਹੁਦਾ ਸੌਂਪਣ ਦਾ ਅਧਿਕਾਰ, ਕੇਵਲ ਕਾਂਗਰਸ ਪ੍ਰਧਾਨ ਨੂੰ ਹੀ ਹੈ ਜੋ ਬਾਅਦ ਵਿਚ ਕੀਤਾ ਜਾਵੇਗਾ | ਨਵਜੋਤ ਸਿੰਘ ਸਿੱਧੂ ਨਾਲ ਹੋਈ ਰਿਹਾਇਸ਼ 'ਤੇ ਮੀਟਿੰਗ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਿੱਧੂ ਨੂੰ ਬਚਪਨ ਤੋਂ ਜਾਣਦੇ ਹਨ, ਸਾਡੇ ਪ੍ਰਵਾਰ ਦੇ ਤਵੱਲਕਾਤ ਉਨ੍ਹਾਂ ਦੇ ਪ੍ਰਵਾਰ ਨਾਲ ਪਿਛਲੇ 60 ਸਾਲਾਂ ਤੋਂ ਹਨ ਅਤੇ ਆਪਸੀ ਮਨ ਮੁਟਾਵ ਕੋਈ ਨਹੀਂ ਹੈ, ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਉਸ ਨੂੰ ਵਜ਼ਾਰਤ ਵਿਚ ਲਿਆ ਜਾਵੇਗਾ |
ਸੁਖਬੀਰ ਬਾਦਲ ਦੇ ਕੋਰੋਨਾ ਵਾਇਰਸ ਗ੍ਰਸਤ ਹੋਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਬੀਤੇ ਕਲ ਉਨ੍ਹਾਂ ਦਾ ਹਾਲ ਚਾਲ ਫ਼ੋਰਟਿਸ ਹਸਪਤਾਲ ਵਿਚ ਪੁਛਿਆ ਸੀ ਤੇ ਅੱਜ ਉਹ ਵੇਦਾਂਤਾ ਗੁੜਗਾਉਂ ਵਿਚ ਗਏ, ਸੁਖਬੀਰ ਨਾਲ ਫ਼ੋਨ 'ਤੇ ਫਿਰ ਗੱਲਬਾਤ ਕਰਨਗੇ | ਇਸੇ ਤਰ੍ਹਾਂ ਹਿਮਾਚਲ ਮੁੱਖ ਮੰਤਰੀ ਜੈ ਰਾਮ ਠਾਕੁਰ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਸਾਫ਼ ਕਿਹਾ ਕਿ ਪੰਜਾਬ ਤੋਂ ਹਿਮਾਚਲ ਦੇ ਧਾਰਮਕ ਸਥਾਨਾਂ ਦੇਵੀ ਦੇਵਤੇ ਦਰਸ਼ਨਾਂ ਵਾਸਤੇ ਜਾਣ ਵਾਲੇ ਸ਼ਰਧਾਲੂਆਂ 'ਤੇ ਰੋਕ ਲਾਉਣਾ ਠੀਕ ਨਹੀਂ ਹੈ | ਇਨ੍ਹਾਂ 'ਤੇ ਪੰਜਾਬ ਕਦੀ ਵੀ ਪਾਬੰਦੀ ਨਹੀਂ ਲਾਏਗਾ, ਜੇ ਹਿਮਾਚਲ ਪ੍ਰਦੇਸ਼ ਨੇ ਕੋਰੋਨਾ ਕੰਟਰੋਲ ਲਈ ਅਨੁਸ਼ਾਸਨ ਪ੍ਰਬੰਧ ਕੋਈ ਕਰਨੇ ਹਨ ਤਾਂ ਉਹ ਨਿਯਮਾਂ ਤਹਿਤ ਕਰ ਦੇਣ, ਹਰ ਧਾਰਮਕ ਸਥਾਨ ਬੰਦ ਨਹੀਂ ਕੀਤੇ ਜਾ ਸਕਦੇ |
ਪ੍ਰਸ਼ਾਂਤ ਕਿਸ਼ੋਰ ਨੂੰ ਅਪਣਾ 'ਨੀਤੀਘਾੜਾ' ਅਤੇ ਸਲਾਹਕਾਰ ਨਿਯੁਕਤ ਕਰਨ 'ਤੇ ਪਿਛਲੇ ਕਈ ਦਿਨਾਂ ਤੋਂ ਹੋ ਰਹੇ ਕਿੰਤੂ ਪ੍ਰੰਤੂ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਮੰਨੇ ਪ੍ਰਮੰਨੇ ਵਿਅਕਤੀ ਜਾਂ ਮਾਹਰ ਨੂੰ ਸਲਾਹ ਮਸ਼ਵਰੇ ਲਈ ਅਪਣੇ ਨਾਲ ਤੈਨਾਤ ਕਰਨਾ ਇਕ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਇਸ ਤੋਂ ਪਹਿਲਾਂ ਕਈ ਸੂਬਿਆਂ ਵਿਚ ਮੁੱਖ ਮੰਤਰੀਆਂ ਨਾਲ ਚੋਣਾਂ ਜਿਤਾਉਣ ਵਿਚ ਰਹਿ ਚੁੱਕਿਆ ਹੈ | ਸਸਤੀ ਬਿਜਲੀ, ਪੰਜਾਬ ਵਿਚ ਦਿਵਾਉਣ ਅਤੇ ਪਿਛਲੀ ਸਰਕਾਰ ਵੇਲੇ ਥਰਮਲ ਪਲਾਂਟ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਬਾਰੇ ਪਹਿਲੀ ਵਾਰ ਮੁੱਖ ਮੰਤਰੀ ਨੇ ਕਿਹਾ ਕਿ ਨਿਜੀ ਕੰਪਨੀਆਂ ਨਾਲ ਕੀਤੇ ਇਹ ਸਮਝੌਤੇ ਇਕ ਕਾਨੂੰਨੀ ਦਸਤਾਵੇਜ਼ ਹਨ ਜੇ ਰੱਦ ਕੀਤੇ ਤਾਂ ਸਰਕਾਰ ਨੂੰ 40,000 ਕਰੋੜ ਦੀ ਰਕਮ ਵਾਪਸ ਕਰਨੀ ਪਵੇਗੀ, ਜੋ ਅਸੰਭਵ ਕੰਮ ਹੈ |