
ਰਾਮਸ਼ਰਨ ਮਰਨ ਤੋਂ ਪਹਿਲਾਂ ਅਪਣੀ 3 ਸਾਲਾਂ ਬੱਚੀ ਦੀ ਜਾਨ ਬਚਾ ਗਿਆ
ਅੰਮ੍ਰਿਤਸਰ - ਸਥਾਨਕ ਜ਼ਿਲ੍ਹੇ 'ਚ ਸ਼ੁੱਕਰਵਾਰ ਰਾਤ 12 ਵਜੇ ਦੇ ਕਰੀਬ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨ ਬਾਈਕ 'ਤੇ ਆਏ ਤੇ ਗੋਲੀਆਂ ਚਲਾ ਕੇ ਚਲੇ ਗਏ। ਜਿਸ ਸਮੇਂ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਮ੍ਰਿਤਕ ਦੇ ਹੱਥ 'ਚ ਉਸ ਦੀ 3 ਸਾਲ ਦੀ ਬੱਚੀ ਵੀ ਸੀ ਪਰ ਪਿਤਾ ਨੇ ਉਸ ਨੂੰ ਕਾਰ 'ਚ ਲਿਟਾ ਦਿੱਤਾ। ਇਸ ਤੋਂ ਬਾਅਦ ਪਿਤਾ ਦੀ ਮੌਤ ਹੋ ਗਈ। ਪੁਲਿਸ ਨੇ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਰਾਮਸ਼ਰਨ ਵਾਸੀ ਜੰਡਿਆਲਾ ਗੁਰੂ ਗਊਸ਼ਾਲਾ ਰੋਡ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਮਨੀ ਨੇ ਪੁਲਿਸ ਨੂੰ ਦੱਸਿਆ ਕਿ ਪਤੀ ਰਾਮਸ਼ਰਨ ਮਜ਼ਦੂਰੀ ਦਾ ਕੰਮ ਕਰਦਾ ਸੀ। ਰਾਤ ਸਮੇਂ ਉਹ ਆਪਣੀ ਛੋਟੀ ਲੜਕੀ ਨਾਲ ਵਾਰਡ ਨੰਬਰ 7 ਵਿਚ ਆਪਣੇ ਭਰਾ ਸਤਪਾਲ ਸਿੰਘ ਦੇ ਘਰ ਗਿਆ ਹੋਇਆ ਸੀ। ਉਹ ਕਾਰ ਐਚ.ਆਰ.02-ਪੀ-2842 ਜੈਨ ਵਿਚ ਵਾਪਸ ਘਰ ਆਇਆ। ਕਾਰ ਦੀ ਆਵਾਜ਼ ਸੁਣ ਕੇ ਉਸ ਨੇ ਦਰਵਾਜ਼ਾ ਖੋਲ੍ਹਿਆ।
ਮਨੀ ਅਨੁਸਾਰ ਪਤੀ ਅਜੇ ਕਾਰ 'ਚ ਹੀ ਸੀ ਅਤੇ 3 ਸਾਲ ਦੀ ਬੇਟੀ ਵੀ ਉਸ ਦੀ ਗੋਦ 'ਚ ਸੀ, ਜਦੋਂ 2 ਮੋਟਰਸਾਈਕਲ 'ਤੇ 4 ਨੌਜਵਾਨ ਆਏ। ਦੋ ਨੌਜਵਾਨਾਂ ਦੇ ਹੱਥਾਂ ਵਿਚ ਪਿਸਤੌਲ ਸਨ। ਹਮਲਾਵਰਾਂ ਨੇ ਉਸ ਦੇ ਪਤੀ 'ਤੇ ਬਿਨਾਂ ਦੇਖੇ ਹੀ ਗੋਲੀਆਂ ਚਲਾ ਦਿੱਤੀਆਂ। ਜਦੋਂ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਤਾਣ ਲਈ ਤਾਂ ਰਾਮਸ਼ਰਨ ਸਮਝ ਗਿਆ ਕਿ ਉਹ ਉਸ ਨੂੰ ਮਾਰਨ ਆਏ ਹਨ।
ਮਨੀ ਮੁਤਾਬਕ ਪਤੀ ਨੇ ਤੁਰੰਤ ਬੇਟੀ ਨੂੰ ਕਾਰ 'ਚ ਲਿਟਾ ਦਿੱਤਾ। ਨਹੀਂ ਤਾਂ ਗੋਲੀਆਂ ਉਸ ਨੂੰ ਵੀ ਲੱਗ ਜਾਣੀਆਂ ਸਨ। ਫਾਇਰਿੰਗ ਦੀ ਆਵਾਜ਼ ਸੁਣ ਕੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਉਥੋਂ ਭੱਜ ਗਏ। ਗੁਆਂਢੀਆਂ ਦੀ ਮਦਦ ਨਾਲ ਰਾਮਸ਼ਰਨ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਰਾਮਸ਼ਰਨ ਦੀ ਪਤਨੀ ਮਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪਤੀ ਪਹਿਲਾਂ ਵੀ ਮਾੜੀ ਸੰਗਤ ਵਿਚ ਪੈ ਗਿਆ ਸੀ, ਜਿਸ ਕਾਰਨ ਉਸ ਦੇ ਕਈ ਗਲਤ ਲੋਕਾਂ ਨਾਲ ਸਬੰਧ ਸੀ। ਇਨ੍ਹਾਂ ਵਿਚੋਂ ਇੱਕ ਨੇ ਅੱਜ ਉਸ ਦੇ ਪਤੀ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਮਨੀ ਦੇ ਬਿਆਨਾਂ ਦੇ ਆਧਾਰ ’ਤੇ 4 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਦਾ ਕੇਸ ਦਰਜ ਕਰ ਲਿਆ ਹੈ।