
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਿਲਕੁਲ ਜਾਇਜ਼ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 'ਸ਼ਾਹੀ ਮਹਿਲ'...
ਚੰਡੀਗੜ੍ਹ (ਸ.ਸ.ਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਿਲਕੁਲ ਜਾਇਜ਼ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 'ਸ਼ਾਹੀ ਮਹਿਲ' ਅੱਗੇ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਆਸ਼ਾ ਵਰਕਰਾਂ ਉੱਤੇ ਪੁਲਿਸ ਲਾਠੀਚਾਰਜ ਦੀ ਨਿਖੇਧੀ ਕੀਤੀ ਅਤੇ ਝੜਪ ਦੌਰਾਨ ਜ਼ਖਮੀ ਹੋਈਆਂ ਦੋਵੇਂ ਧੀਰਾ ਉੱਪਰ ਅਫ਼ਸੋਸ ਜਤਾਇਆ ਹੈ। ਇਸ ਦੇ ਨਾਲ ਹੀ ਦੋਸ਼ ਲਗਾਇਆ ਕਿ ਹਰ ਫ਼ਰੰਟ 'ਤੇ ਫਲਾਪ ਹੋ ਚੁੱਕੀ ਕਾਂਗਰਸ ਸਰਕਾਰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਫੋਰਸ ਦਰਮਿਆਨ ਟਕਰਾਅ ਦਾ ਮਾਹੌਲ ਬਣਾਉਂਦੀ ਹੈ ਤਾਂ ਕਿ ਆਮ ਲੋਕਾਂ 'ਚ ਮੁੱਦੇ ਦੀ ਥਾਂ ਹਿੰਸਕ ਝੜਪਾਂ ਹੀ ਖ਼ਬਰ ਬਣ ਕੇ ਫੈਲਣ।
ਇਸ ਦੇ ਉਲਟ ਜੇਕਰ ਸਰਕਾਰ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਸਮੇਂ ਸਿਰ ਗੱਲਬਾਤ ਲਈ ਸੁਹਿਰਦ ਰਹੇ ਅਤੇ ਲਾਰੇਬਾਜ਼ੀ ਦੀ ਨੀਤੀ ਤਿਆਗ ਦੇਵੇ ਤਾਂ ਬੇਲੋੜੇ ਟਕਰਾਅ ਅਤੇ ਰੋਸ ਪ੍ਰਦਰਸ਼ਨ ਟਾਲੇ ਜਾ ਸਕਦੇ ਹਨ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਇਹ ਦਲੀਲ ਮਹਿਲਾ ਵਿੰਗ ਦੀ ਆਬਜ਼ਰਵਰ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਅਤੇ ਸਹਿ ਪ੍ਰਧਾਨ ਜੀਵਨਜੋਤ ਕੌਰ ਨੇ ਐਕਰੀਡੇਟਡ ਸੋਸ਼ਲ ਹੈਲਥ ਐਕਟੇਵਿਸਟਜ (ਆਸ਼ਾ) ਵਰਕਰਾਂ ਵੱਲੋਂ ਆਪਣੇ ਮਾਸਿਕ ਮਾਣਭੱਤੇ ਸੰਬੰਧੀ ਕੀਤੀ ਜਾ ਰਹੀ ਮੰਗ ਨੂੰ ਬਿਲਕੁਲ ਜਾਇਜ਼ ਕਰਾਰ ਦਿੱਤਾ।
Midaymeal
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨਾ ਕੇਵਲ ਆਸ਼ਾ ਵਰਕਰਾਂ ਸਗੋਂ ਇਸੇ ਤਰਾਂ ਦੀ ਸਰਕਾਰੀ ਬੇਰੁਖ਼ੀ ਦੀਆਂ ਸ਼ਿਕਾਰ ਮਿਡ-ਡੇ-ਮੀਲ ਵਰਕਰਾਂ (ਈਜੀਐਸ ਟੀਚਰਾਂ) ਅਤੇ ਆਂਗਣਵਾੜੀ ਵਰਕਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਮਾਸਿਕ ਮਾਣ ਭੱਤੇ 'ਚ ਗੁਜ਼ਾਰੇ ਲਾਇਕ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ, ਪਰੰਤੂ ਇਹਨਾਂ ਇੱਕ ਲੱਖ ਤੋਂ ਵੱਧ ਮਹਿਲਾ ਵਰਕਰਾਂ ਦੀ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਕੋਈ ਸੁਣਵਾਈ ਨਹੀਂ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਨੂੰ ਜਗਾਉਣ ਲਈ ਉਹ ਇਨ੍ਹਾਂ ਸਾਰੀਆਂ ਮਹਿਲਾ ਵਰਕਰਾਂ ਦਾ ਦਰਦ ਵਿਧਾਨ ਸਭਾ ਸੈਸ਼ਨ 'ਚ ਉਠਾਉਣਗੇ।
ਮੈਡਮ ਰਾਜ ਲਾਲੀ ਗਿੱਲ ਨੇ ਕਿਹਾ ਕਿ ਇੱਕ ਹਜ਼ਾਰ ਤੋਂ ਲੈ ਕੇ 2000 ਰੁਪਏ ਪ੍ਰਤੀ ਮਹੀਨਾ ਹਾਸਲ ਕਰ ਰਹੀਆਂ ਆਸ਼ਾ ਵਰਕਰਾਂ ਦਾ ਇਹ ਭੱਤਾ ਮਾਣ ਭੱਤਾ ਨਹੀਂ ਸਗੋਂ ਮਾਣਹਾਨੀ ਭੱਤਾ ਹੈ। ਸੱਤਵੇਂ ਅਸਮਾਨ ਚੜ੍ਹੀ ਮਹਿੰਗਾਈ ਦੇ ਜ਼ਮਾਨੇ 'ਚ ਕੋਈ ਇੰਨੀ ਮਾਮੂਲੀ ਰਾਸ਼ੀ 'ਤੇ ਆਪਣਾ ਘਰ ਕਿਵੇਂ ਚਲਾ ਸਕਦਾ ਹੈ? ਇਹ ਖ਼ਿਆਲ ਕਲਪਨਾ ਤੋਂ ਦੂਰ ਅਤੇ ਸਰਕਾਰਾਂ ਵੱਲੋਂ ਨਿਸ਼ਚਿਤ ਕੀਤੀ ਘੱਟੋ ਘੱਟ ਮਜ਼ਦੂਰੀ 'ਤੇ ਵੀ ਖਰਾ ਨਹੀਂ ਉੱਤਰਦਾ ਜੋ ਕਰੀਬ 3600 ਰੁਪਏ ਮਹੀਨਾ ਬਣਦੀ ਹੈ।
ਜੀਵਨਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਆਦਾ ਨਹੀਂ ਤਾਂ ਹਰਿਆਣਾ ਜਾਂ ਦਿੱਲੀ ਸਰਕਾਰ ਦੀ ਨੀਤੀ ਅਤੇ ਨਿਯਮਾਂ ਨੂੰ ਅਪਣਾ ਲਵੇ।
ਉਨ੍ਹਾਂ ਦੱਸਿਆ ਕਿ ਜਿੱਥੇ ਹਰਿਆਣਾ ਸਰਕਾਰ ਆਸ਼ਾ ਵਰਕਰਾਂ ਨੂੰ ਉੱਕਾ-ਪੁੱਕਾ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਰਹੀ ਹੈ ਉੱਥੇ ਕੇਜਰੀਵਾਲ ਸਰਕਾਰ ਨੇ ਮਈ 2018 'ਚ ਆਸ਼ਾ ਵਰਕਰਾਂ ਦੇ ਮਾਸਿਕ ਮਾਣਭੱਤੇ 'ਚ 1500 ਤੋਂ ਵਧਾ ਕੇ 3000 ਰੁਪਏ ਦਾ ਦੋ ਗੁਣਾ ਵਾਧਾ ਕਰਨ ਦੇ ਨਾਲ-ਨਾਲ ਗਰਭ ਅਵਸਥਾ ਦੇ 6 ਮਹੀਨਿਆਂ ਲਈ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਹਰ ਸੰਬੰਧਿਤ ਆਸ਼ਾ ਵਰਕਰ ਲਈ ਵੱਖਰੇ ਤੌਰ 'ਤੇ ਨਿਸ਼ਚਿਤ ਕੀਤਾ। ਇਸ ਤੋਂ ਇਲਾਵਾ ਪ੍ਰਤੀ ਕੇਸ ਜਾ ਵੈਕਸੀਨੇਸ਼ਨ ਲਾਭ ਅਲੱਗ ਤੌਰ 'ਤੇ ਯਕੀਨੀ ਬਣਾਏ ਹੋਏ ਹਨ।