
ਬਰਗਾੜੀ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਬਹਿਬਲ ਕਲਾਂ ਵਿਚ ਸਿੱਖ ਸੰਗਤ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਸਿੱਖ ...
ਚੰਡੀਗੜ੍ਹ (ਸਸਸ) :- ਬਰਗਾੜੀ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਬਹਿਬਲ ਕਲਾਂ ਵਿਚ ਸਿੱਖ ਸੰਗਤ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਸਿੱਖ ਸੰਗਤ 'ਤੇ ਗੋਲੀ ਚਲਾ ਦਿਤੀ ਸੀ, ਜਿਸ ਕਾਰਨ ਜਿੱਥੇ ਦੋ ਸਿੱਖ ਸ਼ਹੀਦ ਹੋ ਗਏ ਸਨ। ਉਥੇ ਹੀ ਕਈ ਜ਼ਖ਼ਮੀ ਵੀ ਹੋ ਗਏ ਸਨ। ਇਨ੍ਹਾਂ ਵਿਚੋਂ ਇਕ ਹਨ ਰੁਪਿੰਦਰ ਸਿੰਘ। ਜਿਨ੍ਹਾਂ ਨੇ ਇਸ ਸਬੰਧੀ ਅਪਣੇ ਵਿਚਾਰ ਸਪੋਕਸਮੈਨ ਨਾਲ ਸਾਂਝੇ ਕੀਤੇ।
ਜਦੋਂ ਉਨ੍ਹਾਂ ਨੂੰ ਦਸਿਆ ਗਿਆ ਕਿ ਵਿਰੋਧੀ ਉਨ੍ਹਾਂ 'ਤੇ ਲਾਈ ਡਿਟੈਕਟਰ ਟੈਸਟ ਤੋਂ ਭੱਜਣ ਦੇ ਦੋਸ਼ ਲਗਾ ਰਹੇ ਹਨ ਤਾਂ ਉਨ੍ਹਾਂ ਜਵਾਬ ਦਿੰਦਿਆਂ ਆਖਿਆ ਕਿ ਉਨ੍ਹਾਂ ਨੂੰ ਕਦੇ ਵੀ ਲਾਈ ਡਿਟੈਕਟਰ ਟੈਸਟ ਲਈ ਨਹੀਂ ਕਿਹਾ ਗਿਆ। ਜੇਕਰ ਕੋਈ ਅਜਿਹੀ ਮੰਗ ਹੋਵੇਗੀ ਤਾਂ ਉਹ ਇਹ ਟੈਸਟ ਕਰਵਾਉਣਗੇ। ਦਸ ਦਈਏ ਕਿ 2015 ਵਿਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਅੱਜ ਤਿੰਨ ਸਾਲ ਬਾਅਦ ਵੀ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬੇਅਦਬੀ ਕਾਂਡ ਉਸ ਸਮੇਂ ਵਾਪਰਿਆ ਜਦੋਂ ਸੂਬੇ ਵਿਚ ਅਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਅਕਾਲੀ ਦਲ ਨੇ ਇਸ ਮਾਮਲੇ ਵਿਚ ਭੜਕੇ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ।
ਜਿਸ ਦੇ ਨਤੀਜੇ ਵਜੋਂ ਉਸ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਅੱਜ ਉਹ ਚਾਰੇ ਪਾਸੇ ਤੋਂ ਬੁਰੀ ਤਰ੍ਹਾਂ ਘਿਰ ਚੁੱਕਿਆ ਹੈ। ਇਸੇ ਦੌਰਾਨ ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤਾਂ ਵਲੋਂ ਲਗਾਏ ਗਏ ਦੋਸ਼ਾਂ 'ਤੇ ਕੁੱਝ ਲੋਕਾਂ ਵਲੋਂ ਸਵਾਲ ਉਠਾਏ ਜਾ ਰਹੇ ਸਨ ਪਰ ਰੁਪਿੰਦਰ ਸਿੰਘ ਦੇ ਬਿਆਨ ਨੇ ਦਰਸਾ ਦਿਤਾ ਹੈ ਕਿ ਉਹ ਅਪਣੇ ਬਿਆਨਾਂ 'ਤੇ ਪੂਰੀ ਤਰ੍ਹਾਂ ਕਾਇਮ ਹਨ ਅਤੇ ਕਿਸੇ ਵੀ ਟੈਸਟ ਤੋਂ ਨਹੀਂ ਡਰਦੇ।