
ਬਠਿੰਡਾ ਤੋਂ ਜਾ ਕੇ ਚੋਣ ਲੜ ਕੇ ਉੱਥੋਂ ਦੇ ਲੋਕਾਂ ਨਾਲ ਨਿਆਂ ਨਹੀਂ ਕਰ ਸਕਦੇ: ਸਿੱਧੂ
ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਲੋਕਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਰਨ ਲਈ ਸਾਫ਼ ਮਨ੍ਹਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਦੇ ਵੋਟਰਾਂ ਨਾਲ ਉਹ ਨਿਆਂ ਕਰ ਸਕਦੇ ਹੋਣ ਸਿਰਫ਼ ਉੱਥੋਂ ਹੀ ਉਹ ਚੋਣਾ ਲੜਨਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਪਾਰਟੀ ਨੂੰ ਚੰਡੀਗੜ੍ਹ ਸੀਟ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਪਾਰਟੀ ਵਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿਤੀ ਗਈ।
Navjot Singh Sidhu
ਇਸ ਗੱਲ ਦਾ ਕੋਈ ਪਛਤਾਵਾ ਨਹੀਂ ਪਰ ਚੰਡੀਗੜ੍ਹ ਜਾਂ ਅੰਮ੍ਰਿਤਸਰ ਸੀਟ ਤੋਂ ਉਹ ਚੋਣ ਲੜ ਸਕਦੇ ਸੀ ਕਿਉਂਕਿ ਇਹ ਹਲਕੇ ਸਾਡੇ ਅਪਣੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਜਾ ਕੇ ਚੋਣ ਲੜ ਕੇ ਅਸੀਂ ਉੱਥੋਂ ਦੇ ਲੋਕਾਂ ਨਾਲ ਨਿਆਂ ਨਹੀਂ ਕਰ ਸਕਦੇ। ਦਿੱਲੀ ਵਿਖੇ ਕਾਂਗਰਸ ਦੇ ਮੁੱਖ ਦਫ਼ਤਰ ਤੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਸੀਟ ਤੋਂ ਟਿਕਟ ਪਹਿਲਾਂ ਹੀ ਪਵਨ ਬਾਂਸਲ ਨੂੰ ਦਿਤੀ ਜਾ ਚੁੱਕੀ ਹੈ ਤੇ ਅੰਮ੍ਰਿਤਸਰ ਸੀਟ ਤੋਂ ਮੌਜੂਦਾ ਐਮ.ਪੀ. ਗੁਰਜੀਤ ਔਜਲਾ ਉਮੀਦਵਾਰ ਹਨ।
Dr Navjot kaur sidhu
ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਉਹੀ ਕਰਾਂਗੇ ਜੋ ਪਾਰਟੀ ਕਹੇਗੀ ਪਰ ਅਸੀਂ ਸਿਰਫ ਉੱਥੋਂ ਹੀ ਚੋਣ ਲੜਾਂਗੇ ਜਿੱਥੋਂ ਦੇ ਵੋਟਰਾਂ ਨਾਲ ਨਿਆਂ ਕਰ ਸਕਦੇ ਹਾਂ। ਇੱਥੇ ਦੱਸ ਦਈਏ ਕਿ ਬਠਿੰਡਾ ਲੋਕਸਭਾ ਹਲਕੇ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਸੁਖਪਾਲ ਖਹਿਰਾ ਨੂੰ ਖੜਾ ਕੀਤਾ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅਜੇ ਤੱਕ ਕੋਈ ਉਮੀਦਵਾਰ ਫਾਈਨਲ ਨਹੀਂ ਹੋਇਆ ਹੈ।