
ਭਾਰਤ-ਪਾਕਿ ਵਿਚਾਲੇ ਵੱਧਦੇ ਤਣਾਅ ਦੇ ਵਿਚ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਸਰਹੱਦ...
ਚੰਡੀਗੜ੍ਹ : ਭਾਰਤ-ਪਾਕਿ ਵਿਚਾਲੇ ਵੱਧਦੇ ਤਣਾਅ ਦੇ ਵਿਚ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਸਰਹੱਦ ਦੇ ਦੋਵੇਂ ਪਾਸੇ ਰਣਨੀਤਿਕ ਲੋਕ ਬਰਬਾਦੀ ਦੀਆਂ ਗੋਂਦਾਂ ਗੁੰਦ ਰਹੇ ਹਨ। ਦੋਵੇਂ ਹੀ ਇਕ ਦੂਜੇ ਦੀ ਬਰਬਾਦੀ ਵੇਖਣਾ ਚਾਹੁੰਦੇ ਹਨ ਕਿਉਂਕਿ ਦੋਵੇਂ ਹੀ ਇਕ ਦੂਜੇ ਦੀ ਬਰਬਾਦੀ ਵਿਚ ਅਪਣਾ ਬਚਾਅ ਅਤੇ ਸੁਰੱਖਿਆ ਸਮਝਦੇ ਹਨ ਪਰ ਅਜਿਹਾ ਸੋਚਣਾ ਇਕ ਭਰਮ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸਾਡੇ ਮਨਾਂ ਅੰਦਰ ਡਰ ਅਣਸੱਦੇ ਮਹਿਮਾਨ ਵਾਂਗ ਘਰ ਕਰ ਗਿਆ ਹੈ।
Press Note
ਅਤਿਵਾਦ ਦਾ ਡਰ, ਮੌਤ ਦਾ ਡਰ, ਬਰਬਾਦੀ ਦਾ ਡਰ, ਬਰਬਾਦੀ ਦੀ ਭਾਵਨਾ ਦਾ ਡਰ ਸਾਡੇ ਸਾਹ ਸੂਤ ਰਿਹਾ ਹੈ। ਕੁਝ ਲੋਕਾਂ ਕੋਲ ਡਰਨ ਦਾ ਕੋਈ ਕਾਰਨ ਨਹੀਂ ਬਚਿਆ ਕਿਉਂ ਕਿ ਉਨ੍ਹਾਂ ਦਾ ਡਰ ਸੱਚ ਹੋ ਗਿਆ ਹੈ। ਮੈਂ ਅਪਣੇ ਦੇਸ਼ ਦਾ ਦਰਦ ਸ਼ਹੀਦਾਂ ਦੇ ਪਰਵਾਰਾ ਦੇ ਚੇਹਰਿਆਂ ਉੱਪਰ ਵੇਖਿਆ ਹੈ। ਉਨ੍ਹਾਂ ਕਿਹਾ ਕਿ ਡਰ, ਡਰ ਨੂੰ ਜਨਮ ਦਿੰਦਾ ਹੈ। ਸੰਵਾਦ ਤੋਂ ਡਰ, ਨਵੀਂ ਗੱਲ-ਬਾਤ ਤੋਂ ਡਰ, ਵੱਖਰਾ ਸੋਚਣ ਤੋਂ ਡਰ, ਉਨ੍ਹਾਂ ਵਿਚਾਰਾਂ ਤੋਂ ਡਰ ਜੋ ਵਿਚਾਰ ਆਕਾਵਾਂ ਨੂੰ ਵੰਗਾਰਦੇ ਹਨ।
ਡਰ ਇਕ ਅੰਨ੍ਹੀ ਗਲੀ ਹੈ ਜਿਸ ਵਿਚ ਢਹਿੰਦੀ ਕਲਾ ਹੀ ਜਨਮਦੀ ਹੈ। ਕਿਸੇ ਦੀ ਬਰਬਾਦੀ ਬਾਰੇ ਸੋਚਣਾ ਸੌਖਾ ਕੰਮ ਹੈ ਪਰ ਇਹ ਸਾਨੂੰ ਸੁਰੱਖਿਅਤ ਨਹੀਂ ਬਣਾ ਦਿੰਦਾ। ਸਿੱਧੂ ਨੇ ਕਿਹਾ ਕਿ ਮੈਂ ਅਪਣੇ ਰਾਸ਼ਟਰ ਨਾਲ ਖੜ੍ਹਾ ਹਾਂ। ਮੈਂ ਇਕ ਆਜ਼ਾਦੀ ਘੁਲਾਟੀਏ ਦਾ ਪੁੱਤਰ ਹਾਂ ਅਤੇ ਮੇਰੀ ਸੱਚੀ ਦੇਸ਼ ਭਗਤੀ ਦਾ ਇਮਤਿਹਾਨ ਮੇਰੀ ਨਿਡਰਤਾ ਹੈ। ਮੈਂ ਉਸ ਡਰ ਦੇ ਵਿਰੁਧ ਹਿੱਕ ਤਾਣ ਕੇ ਖੜ੍ਹਾ ਹਾਂ ਜਿਸ ਡਰ ਕਰਕੇ ਸਾਡੇ ਵਿਚੋਂ ਬਹੁਤੇ ਚੁੱਪ ਹਨ।
ਮੈਂ ਅਪਣੇ ਇਸ ਅਟੱਲ ਵਿਸ਼ਵਾਸ ਉਪਰ ਕਾਇਮ ਹਾਂ ਕਿ ਕੁਝ ਲੋਕਾਂ ਦੇ ਅਮਾਨਵੀ ਕੰਮਾਂ ਲਈ ਕਿਸੇ ਪੂਰੀ ਕੌਮ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਾਡੇ ਪ੍ਰਧਾਨ ਮੰਤਰੀ ਨੇ ਭਾਵਨਾ ਪ੍ਰਗਟ ਕੀਤੀ ਹੈ ਕਿ “ਸਾਡੀ ਲੜਾਈ ਅਤਿਵਾਦ ਅਤੇ ਮਾਨਵਤਾ ਦੇ ਦੁਸ਼ਮਣਾਂ ਦੇ ਵਿਰੁਧ ਹੈ ਨਾ ਕਿ ਕਸ਼ਮੀਰ ਦੇ ਵਿਰੁਧ ਹੈ ਅਤੇ ਨਾ ਹੀ ਇਹ ਕਿਸੇ ਕਸ਼ਮੀਰੀ ਦੇ ਵਿਰੁਧ ਹੈ।” ਸਾਡੀ ਵਿਦੇਸ਼ ਮੰਤਰੀ ਨੇ ਅਪਣੀ ਭਾਵਨਾ ਪ੍ਰਗਟ ਕੀਤੀ ਹੈ ਕਿ “ਸਾਡੀ ਲੜਾਈ ਪਾਕਿਸਤਾਨ ਵਿਰੁਧ ਨਹੀਂ ਹੈ ਸਗੋਂ ਅਤਿਵਾਦ ਦੀ ਸਥਾਪਤੀ ਦੇ ਵਿਰੁਧ ਹੈ।”
ਮੈਂ ਅਪਣੇ ਇਸ ਵਿਸ਼ਵਾਸ ਉਤੇ ਕਾਇਮ ਹਾਂ ਕਿ ਸੰਵਾਦ ਅਤੇ ਕੂਟਨੀਤਿਕ ਦਬਾਅ ਵੱਡੇ ਪੱਧਰ ਉੱਪਰ ਅਤੇ ਲੰਮੇ ਸਮੇਂ ਲਈ ਸਰਹੱਦ ਦੇ ਇਸ ਪਾਰ ਅਤੇ ਉਸ ਪਾਰ ਸਰਗਰਮ ਅਤਿਵਾਦੀ ਸੰਗਠਨਾਂ ਦਾ ਖ਼ਾਤਮਾ ਕਰ ਸਕਦਾ ਹੈ। ਅਤਿਵਾਦ ਦਾ ਹੱਲ ਅਮਨ, ਵਿਕਾਸ ਅਤੇ ਉੱਨਤੀ ਹੈ ਨਾ ਕਿ ਬੇਰੁਜ਼ਗਾਰੀ, ਨਫ਼ਰਤ ਅਤੇ ਡਰ। ਭਾਰਤ ਮਾਤਾ ਦਾ ਕੋਈ ਵੀ ਪੁੱਤਰ ਅਪਣੇ ਪਿਆਰਿਆਂ ਤੋਂ ਵੱਖ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਅੱਜ ਅਭਿਨੰਦਨ ਹੋਇਆ ਹੈ।
Press Note
ਜੰਗ ਵੱਲ ਵੱਧਦੇ ਕਦਮ ਅਜਿਹੀਆਂ ਹੋਰ ਘਟਨਾਵਾਂ ਨੂੰ ਜਨਮ ਦੇਣਗੇ। ਇਸ ਤਰ੍ਹਾਂ ਅਸੀਂ ਉੱਥੇ ਪਹੁੰਚ ਜਾਵਾਂਗੇ ਜਿਥੋਂ ਵਾਪਿਸ ਨਹੀਂ ਆਇਆ ਜਾ ਸਕਦਾ ਨਾ ਹੀ ਹੋਏ ਨੁਕਸਾਨ ਨੂੰ ਪੂਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਬਦ ਸੱਚ ਜਾਪਦੇ ਹਨ ਕਿ “ਸਾਡਾ ਉਦੇਸ਼ ਅਤਿਵਾਦ, ਇਸ ਦੇ ਆਕਾਵਾਂ, ਇਸ ਨੂੰ ਹਥਿਆਰਾਂ ਅਤੇ ਪੈਸਿਆਂ ਦੀ ਸਪਲਾਈ ਕਰਨ ਵਾਲਿਆਂ ਨਾਲ ਨਜਿੱਠਣਾ ਹੋਣਾ ਚਾਹੀਦਾ ਹੈ।
ਇਸ ਦੇ ਨਾਲ-ਨਾਲ ਸਾਡੇ ਬੂਹੇ ਉਨ੍ਹਾਂ ਯਤਨਾਂ ਲਈ ਹਮੇਸ਼ਾਂ ਖੁੱਲ੍ਹੇ ਰਹਿਣੇ ਚਾਹੀਦੇ ਹਨ ਜੋ ਖੇਰੂੰ-ਖੇਰੂੰ ਹੋਏ ਸਮਾਜ ਵਿਚ ਅਮਨ ਵਿਕਾਸ ਅਤੇ ਉਨੱਤੀ ਦੀ ਸਥਾਪਤੀ ਵੱਲ ਅਗਰਸਰ ਹਨ।” ਵਾਜਪਾਈ ਜੀ ਕਾਰਗਿਲ ਵਰਗੀ ਲੜਾਈ ਤੋਂ ਬਾਅਦ ਵੀ ਅਜਿਹੀ ਗੱਲ ਆਖਣ ਦਾ ਹੌਸਲਾ ਰੱਖਦੇ ਸਨ। ਉਨ੍ਹਾਂ ਕਿਹਾ ਕਿ ਆਓ ਅਪਣੇ ਦੇਸ਼ ਦੇ ਆਸ਼ਕ ਬਣਕੇ ਦੇਸ਼ ਭਗਤੀ ਦੇ ਫ਼ਰਜ਼ ਨਿਭਾਈਏ।
‘ਰਾਸ਼ਟਰਵਾਦੀ’ ਹੋਣ ਦਾ ਠੱਪਾ ਲਗਾ ਕੇ ਅਪਣੀ ਹਉਮੈ ਨੂੰ ਪੱਠੇ ਨਾ ਪਾਈਏ ਅਤੇ ਹੋਰਾਂ ਨੂੰ ਰਾਸ਼ਟਰ ਵਿਰੋਧੀ ਆਖ ਕੇ ਝੂਠਾ ਰੋਹਬ ਨਾ ਜਮਾਈਏ। ਜਿਵੇਂ ਕਿ ਮਹਾਤਮਾ ਗਾਂਧੀ ਨੇ ਸਵਾਲ ਉਠਾਇਆ ਸੀ ਕਿ ਕੀ ਰਾਸ਼ਟਰਵਾਦ ਲਈ ਨਫ਼ਰਤ ਜ਼ਰੂਰੀ ਹੈ? ਉਨ੍ਹਾਂ ਕਿਹਾ, ਇਕ ਸੱਚਾ ਦੇਸ਼ ਭਗਤ ਡਰ ਦੇ ਵਿਰੁਧ ਖੜ੍ਹਦਾ ਹੈ। ਮੈਂ ਅਜਿਹੇ ਸੋਚੇ-ਸਮਝੇ ਪ੍ਰਵਚਨ ਜੋ ਵਿਚਾਰਾਂ ਦੀ ਵੱਖਰਤਾ ਨੂੰ ਦਬਾਉਂਦਾ ਹੈ ਅਤੇ ਸਾਈਬਰ ਸੈਨਾ, ਟਰਾਲਜ ਤੇ ਗੁੰਡਿਆਂ ਉਤੇ ਨਿਰਭਰ ਹੈ, ਦੇ ਵਿਰੁਧ ਖੜ੍ਹਾ ਹਾਂ। ਮੈਂ ਉਨ੍ਹਾਂ ਦੇ ਵਿਰੁਧ ਖੜ੍ਹਾ ਹਾਂ ਜੋ ਝੂਠ ਅਤੇ ਆਡੰਬਰ ਨੂੰ ਅਪਣੀ ਸ਼ਕਤੀ ਸਮਝਦੇ ਹਨ।
ਮੈਂ ਉਸ ਡਰ ਦੇ ਵਿਰੁਧ ਖੜ੍ਹਾ ਹਾਂ ਜਿਸ ਨੇ ਗੌਰੀ ਲੰਕੇਸ਼, ਰੋਹਿਤ ਵੇਮੁਲਾ, ਗੋਵਿੰਦ ਪੰਸਾਰੇ, ਐਮ.ਐਮ.ਕਲਬੁਰਗੀ, ਨਜੀਬ ? ਅਤੇ ਏ.ਐਸ.ਆਈ. ਰਵਿੰਦਰ ਸਿੰਘ ਨੂੰ ਕਤਲ ਕੀਤਾ। ਇਹ ਕੋਈ ਸਬੱਬ ਨਹੀਂ ਸਗੋਂ ਸਾਡੀ ਚੋਣ ਹੋਵੇਗੀ ਜੋ ਸਾਡੇ ਦੇਸ਼ ਦੀ ਹੋਣੀ ਨਿਸ਼ਚਿਤ ਕਰੇਗੀ। ਅਸੀਂ ਦੇਸ਼ ਭਗਤ ਹੋਣਾ ਚੁਣ ਸਕਦੇ ਹਾਂ ਅਤੇ ਪੁੱਛ ਸਕਦੇ ਹਾਂ ਕਿ ਇਹ ਕਿਹੋ-ਜਿਹੀ ਦੇਸ਼ ਭਗਤੀ ਹੈ ਕਿ ਇਕ ਭਾਰਤੀ ਦੂਜੇ ਭਾਰਤੀ ਦੇ ਵਿਰੁਧ ਬੋਲ ਰਿਹਾ ਹੈ। ਪਿਛੇ ਕੁੱਝ ਸਮੇਂ ਤੋਂ ਡਰ ਸਾਡੇ ਮਨਾਂ ਅੰਦਰ ਘਰ ਕਰ ਗਿਆ ਹੈ ਪਰ ਸਾਡੇ ਕੋਲ ਇਕ ਵਿਕਲਪ ਹੈ, ਇਹ ਵਿਕਲਪ ਨਿਡਰਤਾ ਹੈ।