
ਬਲਾਕ ਦੋਰਾਂਗਲਾ ਦੇ ਸਰਹੱਦੀ ਪਿੰਡ ਸ਼ਮਸ਼ੇਰਪੁਰ ਨੌਮਨੀ ਨਾਲੇ 'ਤੇ ਬਣਿਆ ਪੁਲ ਪਾਣੀ ਦਾ ਪੱਧਰ ਵਧ ਜਾਣ ਕਾਰਨ ਬੁਰੀ ਤਰ੍ਹਾਂ ਟੁੱਟ ਜਾਣ ਦਾ ਸਮਾਚਾਰ ਹੈ..............
ਗੁਰਦਾਸਪੁਰ/ਦੋਰਾਂਗਲਾ : ਬਲਾਕ ਦੋਰਾਂਗਲਾ ਦੇ ਸਰਹੱਦੀ ਪਿੰਡ ਸ਼ਮਸ਼ੇਰਪੁਰ ਨੌਮਨੀ ਨਾਲੇ 'ਤੇ ਬਣਿਆ ਪੁਲ ਪਾਣੀ ਦਾ ਪੱਧਰ ਵਧ ਜਾਣ ਕਾਰਨ ਬੁਰੀ ਤਰ੍ਹਾਂ ਟੁੱਟ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀ ਲਖਵਿੰਦਰ ਸਿੰਘ ਨੇ ਦਸਿਆ ਕਿ ਹਰ ਵਾਰ ਬਰਸਾਤ ਦੇ ਮੌਸਮ ਵਿਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਇਹ ਪੁਲ ਟੁੱਟ ਜਾਂਦਾ ਹੈ ਜਿਸ ਕਾਰਨ ਕਰੀਬ 10 ਪਿੰਡਾਂ ਦਾ ਆਪਸੀ ਸੰਪਰਕ ਖਤਮ ਹੋ ਜਾਂਦਾ ਹੈ। ਇਸ ਪੁਲ ਤੋਂ ਪਿੰਡ ਚੱਕਰੀ, ਸਲਾਟ, ਚੌਂਤਰਾਂ, ਮਿਆਣੀ, ਸੰਦਰਪੁਰ ਆਦਿ ਦੇ ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ।
ਪੁਲ ਟੁੱਟ ਜਾਣ ਕਾਰਨ ਹੁਣ ਇਨ੍ਹਾਂ ਪਿੰਡਾਂ ਦੇ ਬੱਚੇ ਸਕੂਲ ਜਾਣ ਤੋਂ ਵਾਂਝੇ ਹੋ ਗਏ ਹਨ ਅਤੇ ਇਨ੍ਹਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਵੀ ਨੌਮਣੀ ਨਾਲੇ ਤੋਂ ਪਾਰ ਹਨ ਅਤੇ ਇਹ ਪੁਲ ਟੁੱਟਣ ਕਾਰਨ ਹੁਣ ਕਿਸਾਨ ਵੀ ਅਪਣੀਆਂ ਫ਼ਸਲਾਂ ਦੀ ਦੇਖ-ਰੇਖ ਤੋਂ ਵਾਂਝੇ ਹੋ ਗਏ ਹਨ। ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਪੱਕਾ ਬਣਾਇਆ ਜਾਵੇ।