
ਪੰਚਾਇਤੀ ਰਾਜ ਪੈਨਸਨਰਜ਼ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੂਬਾ ਪ੍ਰਧਾਨ ਨਿਰਮਲ
ਚੰਡੀਗੜ੍ਹ : ਪੰਚਾਇਤੀ ਰਾਜ ਪੈਨਸਨਰਜ਼ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੂਬਾ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਦੀ ਅਗਵਾਈ 'ਚ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਦੇ ਦਫਤਰ 'ਵਿਕਾਸ ਭਵਨ ' ਮੁਹਾਲੀ ਸਾਹਮਣੇ ਧਰਨਾ ਦੇ ਕੇ ਵਿਭਾਗ ਦੀ ਜਿੰਮੇਵਾਰੀ ਅਫ਼ਸਰਸ਼ਾਹੀ ਅਤੇ ਸਰਕਾਰ ਦਾ ਜ਼ੋਰਦਾਰ ਪਿਟਸਿਆਪਾ ਕੀਤਾ।
ਇਸ ਧਰਨੇ `ਚ ਪੰਜਾਬ ਦੇ ਹਰ ਕੋਨੇ ਤੋਂ ਵੱਡੀ ਗਿਣਤੀ `ਚ ਪੰਚਾਇਤ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦ ਦੇ ਪੈਨਸ਼ਨਰਾਂ ਨੇ ਸ਼ਿਰਕਤ ਕਰਦੇ ਹੋਏ ਪ੍ਰਗਟਾਇਆ ਕਿ ਉਹ ਪਿਛਲੇ ਦਸ ਸਾਲਾਂ ਤੋਂ ਪੂਰੀ ਸਰਵਿਸ ਦੀ ਪੈਨਸ਼ਨ, ਐਲ.ਟੀ.ਸੀ , ਪੈਨਸ਼ਨ ਲਾਉਣ ਲਈ ਸਮਾਂ ਸੀਮਾ ਤਹਿ ਕਰਾਉਣ, ਮਹਿੰਗਾਈ ਭੱਤੇ ਦੀਆਂ ਕਿਸਤਾਂ ਦੇ ਰਹਿੰਦੇ ਬਕਾਏ ਦੇਣ ਅਤੇ ਪੈਨਸ਼ਨ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਜਾਰੀ ਕਰਨ ਦੀਆਂ ਮੰਗਾਂ ਵਿਭਾਗ ਅਧਿਕਾਰੀਆਂ ਅਤੇ ਸਰਕਾਰ ਸਾਹਮਣੇ ਪੇਸ਼ ਕਰਦੇ ਆ ਰਹੇ ਹਨ,
ਪ੍ਰੰਤੂ ਵਿਭਾਗ ਦੀ ਜਿੰਮੇਵਾਰ ਅਫ਼ਸਰਸ਼ਾਹੀ ਅਤੇ ਰੰਗ ਬਰੰਗੀਆਂ ਸਰਕਾਰਾਂ ਨੇ ਇਹਨਾਂ ਮੰਗਾਂ ਨੂੰ ਜਾਇਜ ਮੰਦੇ ਹੋਏ ਵੀ ਪ੍ਰਵਾਨ ਕਰਨ ਤੋਂ ਕੰਨੀ ਕਤਰਾਈ ਹੋਈ ਹੈ। ਧਰਨਾਕਾਰੀਆ ਨੂੰ ਸਬੋਧਨ ਕਰਦਿਆਂ ਜਥੇਬੰਦੀ ਦੇ ਅਹੁਦੇਦਾਰਾਂ ਨਿਰਮਲ ਸਿੰਘ ਲੋਦੀਮਾਜਰਾ, ਗੁਰਮੀਤ ਸਿੰਘ ਭਾਂਖਰਪੁਰ, ਕੁਲਵੰਤ ਕੌਰ ਬਾਠ, ਜਾਗੀਰ ਢਿੱਲੋਂ ਨੇ ਕਿਹਾ ਕਿ ਉਹ ਆਪਣੀਆਂ ਬਹੁਤ ਹੀ ਜਾਇਜ ਮੰਗਾਂ ਦੀ ਪ੍ਰਾਪਤੀ ਨਾ ਹੋਣ ਤਕ ਚੁੱਪ ਕਰਕੇ ਨਹੀਂ ਰਹਿਣਗੇ,
ਸਗੋਂ ਹਰ ਮੁਹਾਜ ਅਤੇ ਸਰਕਾਰ ਦਾ ਵਿਰੋਧ ਜਾਰੀ ਰੱਖਣਗੇ। ਵਿਭਾਗ ਦੇ ਮੁਖੀ ਕੋਲੋਂ ਮੰਗ ਕੀਤੀ ਹੈ ਕਿ ਪੈਨਸ਼ਨ ਸੈੱਲ ਵਿਚੋਂ ਬਲਦੇਵ ਸਿੰਘ ਠੇਕਾ ਕਰਮਚਾਰੀ ਨੂੰ ਤੁਰੰਤ ਰੁਖਸਤ ਕੀਤਾ ਜਾਵੇ। ਅੱਜ ਦੇ ਧਰਨੇ ਵਿਚ ਰਾਮ ਆਸਰਾ ਮਾਹਲਪੁਰ, ਬਲਵਿੰਦਰ ਬਲਾਚੌਰ, ਸਰਬਜੀਤ ਸਿੰਘ ਕੋਟਕਪੂਰਾ, ਗੁਰਨਾਮ ਸਿੰਘ ਜਗਰਾਓਂ, ਲਖਵਿੰਦਰ ਸਿੰਘ ਗੁਰਦਸਪੁਰ, ਪੁਸ਼ਪਾ ਦੇਵੀ ਧਾਰੀਵਾਲ, ਬਲਦੇਵ ਕੌਰ ਫਤਹਿਗੜ੍ਹ ਸਾਹਿਬ, ਹਰਬੰਸ ਪਟਿਆਲਾ, ਲਖਵਿੰਦਰ ਲੱਖੀ ਭਵਾਨੀਗੜ੍ਹ, ਰਾਜਿੰਦਰ ਸਿੰਘ ਸੰਗਰੂਰ ਆਦਿ ਹਾਜ਼ਰ ਸਨ।